ਮੁਆਵਜ਼ੇ ਤੇ ਬੀਮੇ ''ਚ ਫ਼ਰਕ ਹੁੰਦਾ ਹੈ...ਅਗਨੀਵੀਰ ਅਜੈ ਨੂੰ ਲੈ ਕੇ ਰਾਹੁਲ ਗਾਂਧੀ ਦਾ ਵੱਡਾ ਦਾਅਵਾ
Friday, Jul 05, 2024 - 11:12 PM (IST)
ਨਵੀਂ ਦਿੱਲੀ : ਲੋਕ ਸਭਾ ਵਿਚ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਦੇ 'ਸ਼ਹੀਦ ਅਗਨੀਵੀਰ' ਅਜੈ ਕੁਮਾਰ ਦੇ ਪਰਿਵਾਰ ਨੂੰ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਅਤੇ ਪਰਿਵਾਰ ਨੂੰ ਬੀਮੇ ਦੀ ਰਾਸ਼ੀ ਮਿਲੀ ਹੈ। ਉਨ੍ਹਾਂ ਇਕ ਵੀਡੀਓ ਜਾਰੀ ਕਰਦਿਆਂ ਕਿਹਾ, "ਸ਼ਹੀਦ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨੂੰ ਅੱਜ ਤੱਕ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ।" ਰਾਹੁਲ ਗਾਂਧੀ ਨੇ ਕਿਹਾ ਕਿ ਮੁਆਵਜ਼ੇ ਅਤੇ ਬੀਮੇ ਵਿਚ ਫ਼ਰਕ ਹੈ ਅਤੇ ਸ਼ਹੀਦ ਦੇ ਪਰਿਵਾਰ ਨੂੰ ਬੀਮਾ ਕੰਪਨੀ ਵੱਲੋਂ ਹੀ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਸ਼ਹੀਦ ਅਜੈ ਕੁਮਾਰ ਦੇ ਪਰਿਵਾਰ ਨੂੰ ਉਹ ਸਹਾਇਤਾ ਨਹੀਂ ਮਿਲੀ, ਜੋ ਉਨ੍ਹਾਂ ਨੂੰ ਸਰਕਾਰ ਤੋਂ ਮਿਲਣੀ ਚਾਹੀਦੀ ਸੀ।"
ਇਹ ਵੀ ਪੜ੍ਹੋ : ਕੇਦਾਰਨਾਥ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਦੋ SI ਮੁਅੱਤਲ, ਸ਼ਰਾਬ ਦੇ ਨਸ਼ੇ 'ਚ ਕੀਤੀ ਸੀ ਗੰਦੀ ਹਰਕਤ
ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰ ਸ਼ਹੀਦ ਦੇ ਪਰਿਵਾਰ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਮੋਦੀ ਸਰਕਾਰ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ, "ਸਰਕਾਰ ਜੋ ਵੀ ਕਹੇ, ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਅਤੇ ਮੈਂ ਇਸ ਨੂੰ ਉਠਾਉਂਦਾ ਰਹਾਂਗਾ। 'ਭਾਰਤ' ਗਠਜੋੜ ਕਦੇ ਵੀ ਫ਼ੌਜ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ।" ਫ਼ੌਜ ਨੇ ਬੁੱਧਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ ਵਿਚ ਕੀਤੇ ਗਏ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਨੇ ਡਿਊਟੀ ਦੌਰਾਨ ਆਪਣੀ ਜਾਨ ਗੁਆਈ ਸੀ।
ਫ਼ੌਜ ਨੇ ਕਿਹਾ ਸੀ ਕਿ ਪਰਿਵਾਰ ਨੂੰ ਬਕਾਇਆ ਰਾਸ਼ੀ ਦੇ 98.39 ਲੱਖ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਸਪੱਸ਼ਟੀਕਰਨ ਵਿਚ ਕਿਹਾ ਕਿ ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ। ਇਹ ਸਪੱਸ਼ਟੀਕਰਨ ਰਾਹੁਲ ਗਾਂਧੀ ਵੱਲੋਂ 'ਐਕਸ' 'ਤੇ ਅਜੈ ਦੇ ਪਿਤਾ ਦਾ ਇਕ ਵੀਡੀਓ ਸਾਂਝਾ ਕਰਨ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਹੈ। ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਸੀ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਗਨੀਵੀਰ ਦੀ ਮੌਤ ਦੀ ਸਥਿਤੀ 'ਚ ਉਸ ਦੇ ਪਰਿਵਾਰ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਬਾਰੇ ਸੰਸਦ 'ਚ ਝੂਠ ਬੋਲਿਆ। ਉਨ੍ਹਾਂ ਕਿਹਾ ਸੀ ਕਿ ਸਿੰਘ ਨੂੰ ਸੰਸਦ, ਦੇਸ਼ ਅਤੇ ਫ਼ੌਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e