ਸ਼ੂਗਰ ਚੈੱਕ ਕਰਵਾ ਕੇ ਘਰ ਜਾ ਰਹੀ ਰੂਪ ਰਾਣੀ ਹੋਈ ਠੱਗੀ ਦਾ ਸ਼ਿਕਾਰ

04/26/2018 6:13:11 AM

ਜਲੰਧਰ, (ਮਹੇਸ਼)— ਕਿਸ਼ਨਪੁਰਾ ਦੀ ਗਲੀ ਨੰ. 6 ਦੇ ਮੋੜ 'ਤੇ ਬੁੱਧਵਾਰ ਨੂੰ ਸਵੇਰੇ 11.30 ਵਜੇ ਮੈਡੀਕਲ ਸਟੋਰ ਤੋਂ ਸ਼ੂਗਰ ਚੈੱਕ ਕਰਵਾ ਕੇ ਪੈਦਲ ਘਰ ਜਾ ਰਹੀ ਇਕ ਔਰਤ ਠੱਗੀ ਦਾ ਸ਼ਿਕਾਰ ਹੋ ਗਈ। 
ਚਿੱਟੇ ਰੰਗ ਦੀ ਕਾਰ 'ਚ ਸਵਾਰ ਔਰਤਾਂ ਪੀੜਤਾ ਰੂਪ ਰਾਣੀ ਪਤਨੀ ਸਵ. ਦੇਸ ਰਾਜ ਵਾਸੀ ਮੁਹੱਲਾ ਕਿਸ਼ਨਪੁਰਾ ਗਲੀ ਨੰ. 6 ਜਲੰਧਰ ਦੇ ਦੋਵਾਂ ਹੱਥਾਂ 'ਚ ਪਹਿਨੀਆਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਫਰਾਰ ਹੋ ਗਈਆਂ। ਉਨ੍ਹਾਂ ਨੇ ਰੂਪ ਰਾਣੀ ਨੂੰ ਕੁਝ ਸੁੰਘਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਹਰਦੇਵ ਸਿੰਘ ਨੂੰ ਪੀੜਤਾ ਨੇ ਦੱਸਿਆ ਕਿ ਮੁਲਜ਼ਮਾਂ ਚਿੱਟੇ ਰੰਗ ਦੀ ਕਾਰ 'ਚ ਆਈਆਂ। ਡਰਾਈਵਰ ਵਾਲੀ ਸੀਟ 'ਤੇ ਬੈਠੀ ਔਰਤ ਨੇ ਉਸ ਨੂੰ ਆਵਾਜ਼ ਮਾਰੀ। ਜਦੋਂ ਉਹ ਕਾਰ ਨੇੜੇ ਪਹੁੰਚੀ ਤਾਂ ਉਸ ਨੇ ਗੱਲਾਂ 'ਚ ਲਗਾ ਲਿਆ। ਪਿੱਛੇ ਬੈਠੀਆਂ 2 ਹੋਰ ਔਰਤਾਂ ਨੇ ਸ਼ੀਸ਼ਾ ਹੇਠਾਂ ਕਰ ਕੇ ਉਸ ਨੂੰ ਕੋਈ ਚੀਜ਼ ਸੁੰਘਾ ਦਿੱਤੀ। ਜਿਸ ਦੇ ਬਾਅਦ ਕੁਝ ਨਹੀਂ ਪਤਾ ਚਲਿਆ ਕਿ ਉਸ ਨਾਲ ਕੀ ਹੋਇਆ। 
ਹੋਸ਼ 'ਚ ਆਉਣ ਤੋਂ ਬਾਅਦ ਉਹ ਆਪਣੀ ਭਾਣਜੀ ਦੇ ਘਰ ਪਹੁੰਚੀ। ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਰੂਪ ਰਾਣੀ ਦੇ ਬਿਆਨਾਂ  'ਤੇ ਕਾਰ ਸਵਾਰ ਔਰਤਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਆਲੇ ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।


Related News