ਪਤੀ ਨਾਲ ਨਾਜਾਇਜ਼ ਸਬੰਧ ਰੱਖਣ ਵਾਲੀ ਔਰਤ ਨੇ ਕੀਤੀ ਪਤਨੀ ਦੀ ਕੁੱਟਮਾਰ
Monday, Dec 23, 2024 - 10:57 AM (IST)
ਅਬੋਹਰ (ਸੁਨੀਲ) : ਸਬ ਡਵੀਜ਼ਨ ਦੇ ਪਿੰਡ ਦਾਨੇਵਾਲਾ ਸਤਕੋਸੀ ਦੀ ਰਹਿਣ ਵਾਲੀ ਇਕ ਵਿਆਹੁਤਾ ਨੂੰ ਉਸਦੀ ਇਕ ਮਹਿਲਾ ਰਿਸ਼ਤੇਦਾਰ ਨੇ ਆਪਣੇ ਸੱਸ-ਸਹੁਰੇ ਦੀ ਮੱਦਦ ਨਾਲ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਹਸਪਤਾਲ ’ਚ ਜ਼ੇਰੇ ਇਲਾਜ 19 ਸਾਲਾ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਇਕ ਸਾਲ ਪਹਿਲਾਂ ਫਰੀਦਕੋਟ ਵਾਸੀ ਨਾਲ ਹੋਇਆ ਸੀ।
ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਦੇ ਪਤੀ ਨੇ ਆਪਣੇ ਹੀ ਰਿਸ਼ਤੇਦਾਰਾਂ ’ਚੋਂ ਇਕ ਔਰਤ ਨਾਲ ਸਬੰਧ ਬਣਾ ਲਏ, ਜਿਸ ’ਤੇ ਉਸ ਨੂੰ ਸ਼ੱਕ ਹੋਣ ਲੱਗਾ। ਉਸ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਇਕ ਪ੍ਰਾਈਵੇਟ ਕਾਲਜ ਤੋਂ ਬੀ. ਏ. ਪਹਿਲੇ ਸਾਲ ਦੀ ਪੜ੍ਹਾਈ ਵੀ ਕਰ ਰਹੀ ਹੈ। ਅੱਜ ਸਵੇਰੇ ਉਸ ਦੇ ਹੀ ਪਰਿਵਾਰ ਦੀ ਇਕ ਔਰਤ, ਜਿਸ ਦਾ ਉਸ ਦੇ ਪਤੀ ਨਾਲ ਸਬੰਧ ਸੀ, ਨੇ ਆਪਣੇ ਸੱਸ ਅਤੇ ਸਹੁਰੇ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗਲੇ ’ਚ ਰੱਸੀ ਪਾ ਕੇ ਉਸ ਨੂੰ ਗਲੀ ’ਚ ਘਸੀਟ ਕੇ ਲੈ ਗਏ। ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਬਚਾਇਆ।