ਸਕੂਲੀ ਬੱਸ ਡਰਾਈਵਰ ਦੀ ਕੁੱਟਮਾਰ ਕਰਕੇ ਪੈਸੇ ਤੇ ਮੋਬਾਇਲ ਖੋਹਿਆ

Monday, Nov 11, 2024 - 04:25 PM (IST)

ਸਕੂਲੀ ਬੱਸ ਡਰਾਈਵਰ ਦੀ ਕੁੱਟਮਾਰ ਕਰਕੇ ਪੈਸੇ ਤੇ ਮੋਬਾਇਲ ਖੋਹਿਆ

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਖਾਨਪੁਰ ਵਿਖੇ ਸਕੂਲੀ ਬੱਸ ਡਰਾਈਵਰ ਦੀ ਕੁੱਟਮਾਰ ਕਰਨ, ਬੱਚਿਆਂ ਦੀਆਂ ਫ਼ੀਸਾਂ ਦੇ ਇਕੱਠੇ ਕੀਤੇ 20 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹਣ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਪੁਲਸ ਨੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਹਿਕਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਸੇਠਾਂ ਨੇ ਦੱਸਿਆ ਕਿ ਉਹ ਮਿੰਨੀ ਬੱਸ ’ਤੇ ਡਰਾਈਵਰ ਹੈ ਅਤੇ ਦੀਵਾਲੀ ਤੋਂ 2 ਦਿਨ ਪਹਿਲਾ ਫਿਰੋਜ਼ਪੁਰ ਕੈਂਟ ਸਕੂਲ ਤੋਂ ਬੱਚੇ ਲੈ ਕੇ ਪਿੰਡ ਰੁਕਨਾ ਮੁੰਗਲਾ ਪੁੱਜ ਕੇ ਉਸ ਨੇ ਬੱਚੇ ਉਤਾਰ ਦਿੱਤੇ।

ਉਹ ਹੋਰ ਬੱਚਿਆਂ ਨੂੰ ਲੈ ਕੇ ਦੂਜੇ ਪਿੰਡਾਂ ਨੂੰ ਜਾਣ ਲੱਗਾ ਤਾਂ 2 ਮੋਟਰਸਾਈਕਲ ਸਵਾਰ ਉਸ ਦੀ ਬੱਸ ਅੱਗੇ ਆਏ ਅਤੇ ਬੱਸ ਰੋਕਣ ਲਈ ਕਿਹਾ ਪਰ ਉਸ ਨੇ ਬੱਸ ਨਹੀਂ ਰੋਕੀ। ਫਿਰ 2 ਦਿਨ ਬਾਅਦ ਉਹ ਪਿੰਡ ਰੁਕਨਾ ਮੁੰਗਲਾ ਬੱਚਿਆਂ ਨੂੰ ਲਾਹ ਕੇ ਹੋਰ ਪਿੰਡਾਂ ਨੂੰ ਜਾਣ ਲੱਗਾ ਤਾਂ ਉਸ ਨੂੰ ਰੋਕ ਲਿਆ ਗਿਆ ਕਿ ਉਸ ਨੇ ਪਿੰਡ ਰੁਕਨਾ ਮੁੰਗਲਾ ਦੇ ਚੌਂਕ ਵਿਚ ਬੱਸ ਦਾ ਕੱਟ ਮਾਰਿਆ ਸੀ। ਇਸ ਦੌਰਾਨ ਉਕਤ ਵਿਅਕਤੀ ਉਸ ਨਾਲ ਬਹਿਸਬਾਜ਼ੀ ਕਰਨ ਲੱਗੇ ਤਾਂ ਸਾਗਰ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਸਮਝਾ ਕੇ ਉਸ ਦਿਨ ਰਾਜ਼ੀਨਾਮਾ ਕਰਵਾ ਦਿੱਤਾ ਸੀ।

ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ 5 ਨਵੰਬਰ, 2024 ਨੂੰ ਉਹ ਆਪਣੀ ਮਿੰਨੀ ਬੱਸ ’ਤੇ ਬੱਚੇ ਛੱਡਣ ਵਾਸਤੇ ਪਿੰਡਾਂ ਨੂੰ ਜਾ ਰਿਹਾ ਸੀ ਤਾਂ ਕਰੀਬ ਢਾਈ ਵਜੇ ਪਿੰਡ ਖਾਨਪੁਰ ਪੁੱਜਾ ਤਾਂ ਮੋਟਰਸਾਈਕਲ ਅਤੇ ਸਵਿੱਫਟ ਕਾਰ ’ਤੇ ਅਨਿਲ ਪਾਸ ਕਾਪਾ, ਪਾਰਸ ਪਾਸ ਮੁਸੱਲਾ ਬੈਸਬਾਲ, ਆਸ਼ੂ ਪਾਸ ਸੋਟਾ, ਕਰਨ, ਵੰਸ਼, ਕਿੰਦਾ ਨੇ ਆ ਕੇ ਉਸ ਨੂੰ ਬੱਸ ਵਿਚੋਂ ਧੱਕੇ ਲਾਲ ਉਤਾਰ ਕੇ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ਵਿਚੋਂ ਬੱਚਿਆਂ ਦੀਆਂ ਫ਼ੀਸਾਂ ਦੇ 20 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News