ਸਹੁਰੇ ਪਰਿਵਾਰ ਨੇ ਜਵਾਈ ਦੀ ਕੀਤੀ ਕੁੱਟਮਾਰ, 5 ਖ਼ਿਲਾਫ਼ ਮਾਮਲਾ ਦਰਜ
Wednesday, Aug 14, 2024 - 03:17 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਤਲਵੰਡੀ ਭਾਈ ਦੀ ਛੀਨਾ ਫਾਰਮ ਵਿਖੇ ਸਹੁਰੇ ਪਰਿਵਾਰ ਵੱਲੋਂ ਜਵਾਈ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ ਥਾਣਾ ਤਲਵੰਡੀ ਭਾਈ ਪੁਲਸ ਨੇ ਵਿਅਕਤੀ ਦੇ ਸਹੁਰੇ ਪਰਿਵਾਰ ਦੇ 4 ਬਾਏ ਨੇਮ ਲੋਕਾਂ ਅਤੇ 1 ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਵਾਹਿਗੁਰੂ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਵਾਰਡ ਨੰਬਰ-5 ਛੀਨਾ ਫਾਰਮ ਤਲਵੰਡੀ ਭਾਈ ਨੇ ਦੱਸਿਆ ਕਿ ਉਸ ਦੀ ਪਤਨੀ ਰਮਨਦੀਪ ਕੌਰ ਕਰੀਬ 25 ਦਿਨ ਤੋਂ ਆਪਣੇ ਪੇਕੇ ਘਰ ਖੁਸ਼ੀ ਨਾਲ ਚਲੀ ਗਈ ਸੀ।
ਉਹ ਫਰੀਦਕੋਟ ਬੈਂਕ 'ਚ ਡਿਊਟੀ ਕਰਕੇ ਸ਼ਾਮ ਨੂੰ ਆਪਣੇ ਪੇਕੇ ਘਰ ਮੋਗੇ ਚਲੀ ਜਾਂਦੀ ਸੀ। ਪੀੜਤ ਆਪਣੇ ਪੁੱਤਰ ਨੂੰ ਸਕੂਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਪਣੇ ਘਰ ਲੈ ਆਇਆ ਸੀ। ਕੁੱਝ ਦੇਰ ਬਾਅਦ ਰਮਨਦੀਪ ਕੌਰ ਦਾ ਫੋਨ ਆਇਆ ਕਿ ਤੂੰ ਪੁੱਤਰ ਨੂੰ ਸਕੂਲ ਤੋਂ ਕਿਉਂ ਲੈ ਕੇ ਆਇਆ, ਤੂੰ ਘਰ ਰਹਿ, ਤੈਨੂੰ ਆ ਕੇ ਦੱਸਦੇ ਕਿ ਤੂੰ ਮੁੰਡੇ ਦਾ ਕੀ ਲੱਗਦਾ ਹੈ। ਇਸ 'ਤੇ ਉਹ ਡਰਦਾ ਹੋਇਆ ਆਪਣੇ ਚਾਚੇ ਗੁਰਵਿੰਦਰ ਸਿੰਘ ਦੇ ਘਰ ਚਲਾ ਗਿਆ।
ਇੱਥੇ ਉਸ ਦਾ ਸਹੁਰਾ ਪਰਿਵਾਰ ਚੰਨੀ ਪੁੱਤਰ ਭਾਗ ਸਿੰਘ, ਰਮਨਦੀਪ ਕੌਰ ਪੁੱਤਰੀ ਭਾਗ ਸਿੰਘ, ਕੁਲਦੀਪ ਕੌਰ ਪਤਨੀ ਭਾਗ ਸਿੰਘ, ਭਾਗ ਸਿੰਘ ਵਾਸੀਅਨ ਗਰੀਨ ਕਾਲੋਨੀ ਮੋਗਾ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਦੇ ਘਰ ਆ ਕੇ ਉਸ ਦੀ ਮਾਤਾ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੇ ਚਾਚੇ ਘਰ ਆ ਕੇ ਉਸ ਨੂੰ ਗਾਲੀ-ਗਲੋਚ ਕੀਤਾ ਤੇ ਕੁੱਟਮਾਰ ਕਰਕੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।