200 ਰੁਪਏ ਬਦਲੇ ਹੀ ਕੀਤਾ ਕਤਲ!

Thursday, Nov 08, 2018 - 11:04 AM (IST)

200 ਰੁਪਏ ਬਦਲੇ ਹੀ ਕੀਤਾ ਕਤਲ!

ਬਠਿੰਡਾ(ਬਲਵਿੰਦਰ,ਪਰਵੀਨ, ਢਿੱਲੋਂ)— ਪਿੰਡ ਗੁਰੂਸਰ ਵਿਖੇ ਇਕ ਪਰਿਵਾਰ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਗਮ ਵਿਚ ਬਦਲ ਗਈਆਂ ਜਦੋਂ ਪਿੰਡ ਦੇ ਇਕ ਵਿਅਕਤੀ ਨੇ ਇਸ ਪਰਿਵਾਰ ਦੇ ਨੌਜਵਾਨ ਪੁੱਤਰ ਨੂੰ ਇਕ ਨੁਕੀਲੀ ਚੀਜ਼ ਛਾਤੀ ’ਚ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਗੋਬਿੰਦ ਸਿੰਘ (24) ਨੇ ਆਪਣੇ ਹੀ ਪਿੰਡ ਦੇ ਹਰਬੰਸ ਸਿੰਘ ਪਾਸੋਂ 200 ਰੁਪਏ ਦੀ ਸਬਜ਼ੀ ਉਧਾਰ ਲਈ ਸੀ ਅਤੇ ਹੁਣ ਹਰਬੰਸ ਸਿੰਘ  ਗੋਬਿੰਦ ਸਿੰਘ ਪਾਸੋਂ ਆਪਣੇ ਪੈਸਿਆਂ ਦੀ ਮੰਗ ਕਰਦਾ ਸੀ। ਪਿਛਲੇ ਦਿਨੀਂ ਜਦੋਂ ਹਰਬੰਸ ਸਿੰਘ ਨੇ  ਗੋਬਿੰਦ ਸਿੰਘ ਪਾਸੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਜਲਦ ਹੀ ਪੈਸੇ ਦੇਣ ਦੀ ਗੱਲ ਕਹੀ। ਇਸ ’ਤੇ ਹਰਬੰਸ ਸਿੰਘ ਨੇ ਆਪਣੇ ਮਨ ਵਿਚ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਕੱਲ ਜਦੋਂ ਗੋਬਿੰਦ ਸਿੰਘ  ਦਾਣਾ ਮੰਡੀ ’ਚੋਂ ਕੰਮ-ਕਾਰ ਕਰਨ ਉਪਰੰਤ ਆਪਣੇ ਪਰਿਵਾਰ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਇਆ ਤਾਂ ਕਥਿਤ ਦੋਸ਼ੀ ਹਰਬੰਸ ਸਿੰਘ ਨੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਗੋਬਿੰਦ ਦਾ ਪਿੱਛਾ ਕੀਤਾ। ਗੋਬਿੰਦ ਦੇ ਆਪਣੇ ਘਰ ਵਿਚ ਦਾਖਲ ਹੁੰਦਿਆਂ ਹੀ ਦੋਸ਼ੀ ਹਰਬੰਸ ਸਿੰਘ ਨੇ ਇਕ ਨੁਕੀਲਾ ਹਥਿਆਰ ਉਸ ਦੀ ਛਾਤੀ ਵਿਚ ਮਾਰਿਆ, ਜਿਸ ਨਾਲ ਗੋਬਿੰਦ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਲੇ-ਦੁਅਾਲੇ ਦੇ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਹਰਜੀਤ ਸਿੰਘ ਮਾਨ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।  ਗੱਲਬਾਤ ਕਰਦਿਆਂ ਮਾਨ ਸਿੰਘ ਨੇ ਕਿਹਾ ਕਿ ਪੁਲਸ ਨੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦੋਸ਼ੀ ਜਲਦ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।

PunjabKesari
ਪਿੰਡ ਵਾਸੀਆਂ ਨੇ ਕਿਹਾ ਕਿ ਕਥਿਤ ਦੋਸ਼ੀ ਹਰਬੰਸ ਸਿੰਘ  ਪਹਿਲਾਂ ਵੀ ਪਿੰਡ ਵਾਸੀਆਂ ਅਤੇ ਹੋਰਨਾਂ ਲੋਕਾਂ ਨਾਲ ਲਡ਼ਦਾ-ਝਗਡ਼ਦਾ ਰਹਿੰਦਾ ਸੀ। ਇਸ ਦੌਰਾਨ ਪੋਸਟਮਾਰਟਮ ਤੋਂ ਬਾਅਦ  ਮ੍ਰਿਤਕ ਦੇ ਵਾਰਸਾਂ, ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਲਾਸ਼ ਨੂੰ ਪਿੰਡ ਗੁਰੂਸਰ ਦੇ ਬੱਸ ਸਟੈਂਡ  ਵਿਖੇ ਰੱਖ ਕੇ ਧਰਨਾ ਦਿੱਤਾ ਅਤੇ ਬਾਜਾਖਾਨਾ-ਬਰਨਾਲਾ ਸਡ਼ਕ ਜਾਮ ਕਰ ਦਿੱਤੀ। ਭਾਵੇਂ ਥਾਣਾ ਮੁਖੀ ਹਰਜੀਤ ਸਿੰਘ ਮਾਨ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਵੇਗੀ ਅਤੇ ਧਰਨਾਕਾਰੀਆਂ ਨੂੰ ਸਮਝਾ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ’ਤੇ ਅਡ਼ੇ ਹੋਏ ਸਨ ਅਤੇ ਉਨ੍ਹਾਂ ਆਪਣਾ ਧਰਨਾ ਸਮਾਪਤ ਕਰਨ ਤੋਂ ਸਾਫ ਨਾਂਹ ਕਰ ਦਿੱਤੀ।


author

cherry

Content Editor

Related News