ਵਿਆਹੁਤਾ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ''ਤੇ ਪਤੀ ਸਮੇਤ 6 ਨੂੰ 7-7 ਸਾਲ ਦੀ ਕੈਦ
Tuesday, Aug 20, 2019 - 10:38 AM (IST)

ਬਠਿੰਡਾ (ਵੈੱਬ ਡੈਸਕ) : ਦਾਜ ਲਈ ਤੰਗ ਪਰੇਸ਼ਾਨ ਕਰਨ 'ਤੇ ਪਿੰਡ ਚੋਟੀਆਂ ਨਿਵਾਸੀ ਇਕ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਪਤੀ, ਸੱਸ, ਸਹੁਰੇ ਸਮੇਤ 6 ਲੋਕਾਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
4 ਅਗਸਤ 2016 ਨੂੰ ਮਾਨਸਾ ਦੇ ਪਿੰਡ ਉਭਾ ਨਿਵਾਸੀ ਮਿੱਠੂ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਧੀ ਪਾਲ ਕੌਰ ਦਾ ਵਿਆਹ 5 ਸਾਲ ਪਹਿਲਾਂ ਪਿੰਡ ਚੋਟੀਆਂ ਨਿਵਾਸੀ ਗੁਰਨਾਮ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਕਰਨ ਲੱਗੇ। 3 ਅਗਸਤ 2016 ਨੂੰ ਉਸ ਦੀ ਧੀ ਪਾਲ ਕੌਰ ਦਾ ਫੋਨ ਆਇਆ ਕਿ ਉਸ ਦਾ ਪਤੀ, ਸੱਸ, ਸਹੁਰਾ, ਮਾਸੀ ਸੱਸ ਅਤੇ ਉਸ ਦੀਆਂ ਦੋਵੇਂ ਨੂੰਹਾਂ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਆਪਣੀ ਧੀ ਨੂੰ ਸਮਝਾਇਆ ਅਤੇ ਕਿਹਾ ਕਿ ਉਹ ਕੱਲ ਉਸ ਦੇ ਸਹੁਰੇ ਘਰ ਆਉਣਗੇ। ਅਗਲੇ ਦਿਨ ਉਹ ਉਥੇ ਗਏ ਤਾਂ ਉਥੇ ਕੋਈ ਨਹੀਂ ਸੀ। ਪਤਾ ਲੱਗਾ ਕਿ ਸਹੁਰਾ ਪਰਿਵਾਰ ਦੀ ਕੁੱਟਮਾਰ ਤੋਂ ਪਰੇਸ਼ਾਨ ਹੋ ਕੇ ਪਾਲ ਕੌਰ ਨੇ ਖੁਦ ਨੂੰ ਅੱਗ ਲਗਾ ਲਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।