ਢਿੱਡ ਪੀੜ ਦਾ ਬਹਾਨਾ ਲਾ ਕੇ ਲਾੜੀ ਰਫੂਚੱਕਰ, ਭੰਗੜਾ ਪਾਉਂਦਾ ਰਹਿ ਗਿਆ ਲਾੜਾ

Thursday, Oct 24, 2019 - 05:12 PM (IST)

ਢਿੱਡ ਪੀੜ ਦਾ ਬਹਾਨਾ ਲਾ ਕੇ ਲਾੜੀ ਰਫੂਚੱਕਰ, ਭੰਗੜਾ ਪਾਉਂਦਾ ਰਹਿ ਗਿਆ ਲਾੜਾ

ਬਟਾਲਾ (ਜ. ਬ.) : ਠੱਗੀਆਂ ਮਾਰਨ ਦੀਆਂ ਘਟਨਾਵਾਂ ਤਾਂ ਤੁਸੀ ਬਹੁਤ ਸੁਣੀਆਂ ਹੋਣਗੀਆਂ ਪਰ ਇਕ ਅਜਿਹੀ ਠੱਗੀ ਪਿੰਡ ਹਸਨਪੁਰਾ ਦੇ ਇਕ ਨੌਜਵਾਨ ਨਾਲ ਹੋਈ, ਜਿਸ ਨੂੰ ਉਸਦਾ ਸਾਰਾ ਪਰਿਵਾਰ ਕਦੇ ਨਹੀਂ ਭੁੱਲ ਸਕਦਾ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪਿੰਡ ਹਸਨਪੁਰਾ ਦੇ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ ਬਰਾਤ ਬਟਾਲਾ ਵਿਖੇ ਆਈ ਸੀ ਅਤੇ ਉਨ੍ਹਾਂ ਦੇ ਫੇਰੇ ਗੁਰਦੁਆਰਾ ਸਿੰਘ ਸਭਾ ਸਿਨੇਮਾ ਰੋਡ ਵਿਖੇ ਹੋਏ। ਫੇਰਿਆਂ ਤੋਂ ਬਾਅਦ ਉਕਤ ਨੌਜਵਾਨ ਡੋਲੀ ਲੈ ਕੇ ਪਿੰਡ ਆ ਗਿਆ, ਖੁਸ਼ੀ-ਖੁਸ਼ੀ ਸਾਰਾ ਪਰਿਵਾਰ ਲਾੜੇ ਸਮੇਤ ਡੀ. ਜੇ. ਲਾ ਕੇ ਭੰਗੜੇ ਪਾਉਣ ਲੱਗ ਪਏ ਤਾਂ ਅਚਾਨਕ ਨਵ-ਵਿਆਹੀ ਲੜਕੀ ਘਰ ਵਾਲਿਆਂ ਨੂੰ ਕਹਿਣ ਲੱਗੀ ਕਿ ਮੇਰੇ ਪੇਟ 'ਚ ਦਰਦ ਹੋ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਲੜਕੀ ਨੂੰ ਵਿਚੋਲਣ ਦੀ ਸਕੂਟਰੀ ਪਿੱਛੇ ਬਿਠਾ ਕੇ ਦਵਾਈ ਲੈਣ ਲਈ ਬਟਾਲਾ ਭੇਜ ਦਿੱਤਾ। ਬਾਜ਼ਾਰ ਆ ਕੇ ਲੜਕੀ ਨੇ ਵਿਚੋਲਣ ਨੂੰ ਕਿਹਾ ਕਿ ਤੁਸੀ ਇਥੇ ਰੁਕੋ ਮੈਂ ਦਵਾਈ ਲੈ ਕੇ ਆਉਂਦੀ ਹਾਂ। ਜਦੋਂ 2 ਘੰਟੇ ਦੀ ਉਡੀਕ ਤੋਂ ਬਾਅਦ ਲੜਕੀ ਨਾ ਆਈ ਤਾਂ ਵਿਚੋਲਣ ਨੇ ਪਿੰਡ ਆ ਕੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ।

ਇਸ ਸਬੰਧੀ ਜਦੋਂ ਥਾਣਾ ਸਦਰ ਦੇ ਏ. ਐੱਸ. ਆਈ. ਬਲਬੀਰ ਸਿੰਘ ਬਾਠ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਸਾਡੇ ਧਿਆਨ ਵਿਚ ਆਇਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਕਤ ਨੌਜਵਾਨ ਦੇ ਵਿਚੋਲਿਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਵੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News