ਲਾੜੇ ਨੇ ਬਚਪਨ ਦੀ ਖੁਆਇਸ਼ ਕੀਤੀ ਪੂਰੀ, ਟਰੈਕਟਰ ’ਤੇ ਲਿਆਇਆ ਲਾੜੀ
Monday, Mar 02, 2020 - 04:46 PM (IST)
ਬਟਾਲਾ/ਜੈਂਤੀਪੁਰ (ਬੇਰੀ, ਹਰਬੰਸ) - ਅਜੌਕੇ ਮਸ਼ੀਨਰੀ ਯੁੱਗ ਵਿਚ ਲੋਕ ਆਪਣੇ ਮੁੰਡਿਆਂ ਦੇ ਵਿਆਹ ਦੇ ਚਾਅ ਪੂਰੇ ਕਰਨ ਦੇ ਲਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੰਦੇ, ਜਿਸ ਕਰਕੇ ਉਹ ਬਹੁਤ ਸਾਰੇ ਪੈਸੇ ਖਰਚ ਦਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਮਹਿੰਗੇ ਭਾਅ ਦੀਆਂ ਕਾਰਾਂ, ਬੱਸਾਂ, ਹੈਲੀਕਾਪਟਰ ਆਦਿ ਰਾਹੀਂ ਜੰਝ ਲੈ ਕੇ ਲਾੜੀ ਵਿਆਹੁਣ ਲਈ ਜਾਣਾ ਆਪਣੀ ਵੱਡੀ ਸ਼ਾਨ ਮੰਨਦੇ ਹਨ। ਕਈ ਲੋਕ ਅਜਿਹੇ ਵੀ ਹਨ ਜੋ ਵਿਆਹ ਦੀਆਂ ਸਾਰੀਆਂ ਰਸਮਾਂ ਸਾਧਾਰਨ ਢੰਗ ਨਾਲ ਕਰਵਾਉਣ ਨੂੰ ਚੰਗਾ ਸਮਝਦੇ ਹਨ। ਇਸੇ ਤਰ੍ਹਾਂ ਦੀ ਮਿਸਾਲ ਕਸਬਾ ਜੈਂਤੀਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇਕ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਟਰੈਕਟਰ ’ਤੇ ਬਿਠਾ ਕੇ ਅਤੇ ਖੁਦ ਟਰੈਕਟਰ ਚਲਾ ਕੇ ਪਿੰਡ ਪਰਤਿਆ। ਲਾੜੀ ਦੇ ਆਉਣ ’ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੋਵਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਛਿੱਤ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਉਸਦੇ ਭਤੀਜੇ ਗੁਰਪ੍ਰੀਤ ਸਿੰਘ ਗੋਰਾ ਪੁੱਤਰ ਜਗਤਾਰ ਸਿੰਘ ਨੇ ਅਜਿਹਾ ਕਰਕੇ ਆਪਣੀ ਖੁਆਇਸ਼ ਪੂਰੀ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਬਚਪਨ ਤੋਂ ਇਹ ਖੁਆਇਸ਼ ਸੀ ਕਿ ਜਦੋਂ ਉਸਦਾ ਵਿਆਹ ਹੋਵੇਗਾ ਤਾਂ ਉਹ ਖੁਦ ਟਰੈਕਟਰ ਚਲਾ ਆਪਣੀ ਵਹੁਟੀ ਨੂੰ ਉਸ ’ਤੇ ਬਿਠਾ ਕੇ ਪਿੰਡ ਲਿਆਵੇਗਾ। ਮੇਰੇ ਭਤੀਜੇ ਨੇ ਅਜਿਹਾ ਕਰਕੇ ਇਲਾਕੇ ’ਚ ਇਕ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ।