ਅੰਮ੍ਰਿਤਸਰ : ਸ਼ਗਨ ਤੋਂ ਪਹਿਲਾਂ ਲਾੜੀ ਫਰਾਰ, ਲਾੜਾ ਪਹੁੰਚਿਆ ਥਾਣੇ!
Saturday, Feb 14, 2026 - 07:13 PM (IST)
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਖਾਪੜਖੇੜੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਗਨ ਦੀ ਰਸਮ ਤੋਂ ਸਿਰਫ਼ ਇੱਕ ਦਿਨ ਪਹਿਲਾਂ ਲਾੜੀ ਘਰੋਂ ਫਰਾਰ ਹੋ ਗਈ। ਇਸ ਘਟਨਾ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਗਈਆਂ ਅਤੇ ਲਾੜੇ ਦੇ ਪਰਿਵਾਰ ਨੇ ਲੜਕੀ ਵਾਲਿਆਂ ਖਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਮੁਤਾਬਕ, ਖਾਪੜਖੇੜੀ ਦੇ ਰਹਿਣ ਵਾਲੇ 31 ਸਾਲਾ ਨੌਜਵਾਨ ਦਾ ਵਿਆਹ ਸੁਲਤਾਨਵਿੰਡ ਰੋਡ ਸਥਿਤ ਡਰਮਾ ਵਾਲਾ ਬਾਜ਼ਾਰ ਦੀ ਰਹਿਣ ਵਾਲੀ ਇਕ ਕੁੜੀ ਨਾਲ ਤੈਅ ਹੋਇਆ ਸੀ। ਦੋਵਾਂ ਦੀ ਮੰਗਣੀ ਅੱਠ ਮਹੀਨੇ ਪਹਿਲਾਂ ਹੋਈ ਸੀ ਅਤੇ ਵਿਆਹ ਦੀ ਤਰੀਕ 15 ਫਰਵਰੀ ਤੈਅ ਕੀਤੀ ਗਈ ਸੀ। 14 ਫਰਵਰੀ ਨੂੰ ਸ਼ਗਨ ਦੀਆਂ ਰਸਮਾਂ ਹੋਣੀਆਂ ਸਨ, ਪਰ ਉਸੇ ਦਿਨ ਸਵੇਰੇ ਕਰੀਬ 5 ਵਜੇ ਲੜਕੀ ਦੇ ਪਰਿਵਾਰ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਲਾਪਤਾ ਹੋ ਗਈ ਹੈ।
ਲਾੜੇ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਲੜਕੀ ਦਾ ਕਿਸੇ ਹੋਰ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ, ਜਿਸ ਕਾਰਨ ਲੜਕੀ ਵਾਲੇ ਪਿਛਲੇ ਅੱਠ ਮਹੀਨਿਆਂ ਤੋਂ ਵਿਆਹ ਟਾਲ ਰਹੇ ਸਨ। ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਨੇ ਫੋਨ ਕਰਕੇ ਉਨ੍ਹਾਂ ਨੂੰ ਰਿਸ਼ਤਾ ਤੋੜਨ ਦੀ ਧਮਕੀ ਵੀ ਦਿੱਤੀ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਕਾਰਨ ਉਨ੍ਹਾਂ ਦੀ ਸਮਾਜ ਵਿੱਚ ਬਦਨਾਮੀ ਹੋਈ ਹੈ ਅਤੇ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਵੀ ਹੋਇਆ ਹੈ।
ਇਸ ਸਬੰਧੀ ਪੁਲਸ ਚੌਂਕੀ ਖਾਸਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੂੰ ਥਾਣੇ ਤਲਬ ਕੀਤਾ ਗਿਆ ਹੈ। ਦੋਵਾਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
