ਬੈਂਕ ਡਕੈਤੀ ਦੀ ਯੋਜਨਾ ਬਣਾ ਰਹੇ ਗਿਰੋਹ ਦਾ ਪਰਦਾਫਾਸ਼

Tuesday, Nov 21, 2017 - 02:02 AM (IST)

ਅੰਮ੍ਰਿਤਸਰ, (ਸੰਜੀਵ)- ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗਸਟਰਾਂ ਨੂੰ ਅੱਜ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿਚ ਦੀਪਕ ਸਿੰਘ, ਅੰਮ੍ਰਿਤਪਾਲ ਸਿੰਘ ਸਾਜਨ ਨਿਵਾਸੀ ਮੁਹੱਲਾ ਸ਼ੇਖੂਪੁਰਾ, ਹਰਪ੍ਰੀਤ ਸਿੰਘ ਨਿਵਾਸੀ ਰਾਏਪੁਰ ਕਲਾਂ ਅਤੇ ਜਗਤਾਰ ਸਿੰਘ ਨਿਵਾਸੀ ਸੇਰੋਬਾਗਾ ਸ਼ਾਮਲ ਹਨ ਜਦੋਂ ਕਿ ਇਨ੍ਹਾਂ ਦਾ ਪੰਜਵਾਂ ਸਾਥੀ ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਮਾਨਾਂਵਾਲਾ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਿਆ। 
ਇਥੇ ਇਹ ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਸ਼ਾਮਿਲ ਅੰਮ੍ਰਿਤਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਸ਼ਮਸ਼ੇਰ ਸਿੰਘ ਦਾ ਪੁੱਤਰ ਹੈ ਅਤੇ ਪੁਲਸ ਨੂੰ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਲੋੜੀਂਦਾ ਚਲ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ 2 ਪਿਸਤੌਲਾਂ, 6 ਕਾਰਤੂਸ,  ਤੇਜ਼ਧਾਰ ਹਥਿਆਰ ਅਤੇ 1 ਵਾਹਨ ਬਰਾਮਦ ਹੋਇਆ। 
ਉਕਤ ਗੈਂਗਸਟਰ ਜੰਡਿਆਲਾ ਦੇ ਪਿੰਡ ਧਾਧੜ ਵਿਚ ਸਥਿਤ ਓਰੀਐਂਟਲ ਬੈਂਕ ਆਫ ਕਾਮਰਸ ਦੀ ਸ਼ਾਖਾ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ ਜਦੋਂ ਕਿ ਪੁਲਸ ਨੇ ਸੂਚਨਾ ਮਿਲਦੇ ਹੀ ਟਰੈਪ ਲਗਾ ਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਘੇਰਾਬੰਦੀ ਕਰ ਕੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਜਾ ਰਹੀ ਪੁਲਸ ਪਾਰਟੀ 'ਤੇ ਮੁਲਜ਼ਮਾਂ ਨੇ ਗੋਲੀਆਂ ਵੀ ਚਲਾਈਆਂ ਪਰ 4 ਮੁਲਜ਼ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦਾ ਇਕ ਸਾਥੀ ਇਸੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜ ਨਿਕਲਣ ਵਿਚ ਕਾਮਯਾਬ ਹੋ ਗਿਆ।  
ਕੀ ਕਹਿਣਾ ਹੈ ਐੱਸ. ਐੱਸ. ਪੀ. ਦਿਹਾਤੀ ਦਾ?  : ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਕੁਝ ਦਿਨ ਸਾਬਕਾ ਮੋਹਾਲੀ ਤੋਂ ਗੈਂਗਸਟਰ ਸੁਖਵਿੰਦਰ ਸਿੰਘ ਰਾਜੂ ਅਤੇ ਸੁਖਪਾਲ ਸਿੰਘ ਮੋਂਟੂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਤੋਂ ਚਲ ਰਹੀ ਪੁੱਛਗਿੱਛ ਦੇ ਦੌਰਾਨ ਉਕਤ ਮੁਲਜ਼ਮਾਂ ਦਾ ਸੁਰਾਗ ਨਿਕਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੈਂਗਸਟਰ ਸਾਰਜ ਮਿੰਟੂ ਅਤੇ ਸ਼ੁਭਮ ਦੇ ਸਾਥੀ ਹਨ, ਜਿਨ੍ਹਾਂ ਨੇ ਰਈਆ ਵਿਚ ਪੁਲਸ 'ਤੇ  ਫਾਇਰਿੰਗ ਕਰਨ ਤੋਂ ਬਾਅਦ ਸ਼ੁਭਾਮ ਫਰਾਰੀ ਕਾਂਡ ਵਿਚ ਵੀ ਸਾਥ ਦਿੱਤਾ ਸੀ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਗਿਰੋਹ ਬੈਂਕ ਡਕੈਤੀ ਦੀ ਯੋਜਨਾ ਬਣਾ ਚੁੱਕਾ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ। 
ਇਸ ਯੋਜਨਾ ਦੇ ਤਹਿਤ ਉਕਤ ਗੈਂਗਸਟਰ ਗੁਣੋਵਾਲੀ ਪੁਲੀ 'ਤੇ ਇਕੱਠੇ ਹੋਏ ਸਨ, ਜਿਸ 'ਤੇ ਪੁਲਸ ਨੇ ਟਰੈਪ ਲਗਾ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਜਿਵੇਂ ਹੀ ਪੁਲਸ ਪਾਰਟੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ, ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐੱਸ.ਐੱਸ.ਪੀ. ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਸਾਰਜ ਮਿੰਟੂ ਅਤੇ ਸ਼ੁਭਮ ਦੇ ਕਹਿਣ 'ਤੇ ਬੈਂਕ ਡਕੈਤੀ ਦੀ ਯੋਜਨਾ ਬਣਾਈ ਸੀ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ, ਜਿਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 


Related News