ਬੈਂਕ ਮੈਨੇਜਰ ਦੀ ਮਿਲੀ ਭੁਗਤ ਨਾਲ ਕੀਤਾ ਵੱਡਾ ਕਾਂਡ, ਕਿਸੇ ਹੋਰ ਦੇ ਨਾਂ ’ਤੇ 29 ਲੱਖ ਦਾ ਲਿਆ ਕਰਜ਼ਾ

Thursday, Jul 11, 2024 - 12:13 PM (IST)

ਫ਼ਰੀਦਕੋਟ (ਰਾਜਨ) : ਸਥਾਨਕ ਡੋਗਰ ਬਸਤੀ ਨਿਵਾਸੀ ਇਕ ਔਰਤ ਦੀ ਘਰੇਲੂ ਮਦਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਲੈ ਕੇ ਮਿਲੀਭੁਗਤ ਨਾਲ 29 ਲੱਖ ਰੁਪਏ ਦਾ ਕਰਜ਼ਾ ਲੈਣ ਵਾਲਿਆਂ ਤੋਂ ਇਲਾਵਾ ਬੈਂਕ ਦੇ ਮੈਨੇਜਰ ਅਤੇ ਕੈਸ਼ੀਅਰ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਸਥਾਨਕ ਡੋਗਰ ਬਸਤੀ ਦੀ ਗਲੀ ਨੰਬਰ 24 ਨਿਵਾਸੀ ਅਮਰਜੀਤ ਕੌਰ ਪਤਨੀ ਕਾਰਜ ਸਿੰਘ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕਰ ਕੇ ਦੋਸ਼ ਲਾਇਆ ਸੀ ਕਿ ਅਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਪਰਮਿੰਦਰ ਕੌਰ ਪਤਨੀ ਅਮਨਪ੍ਰੀਤ ਸਿੰਘ, ਮਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਡੋਗਰ ਬਸਤੀ ਗਲੀ ਨੰਬਰ-2 ਅਤੇ ਨਿਸ਼ਾਨ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਫਿਰੋਜ਼ਪੁਰ ਨੇ ਮੈਨੂੰ ਕਿਸੇ ਸਮਾਜਸੇਵੀ ਸੰਸਥਾ ਕੋਲੋਂ ਵਿੱਤੀ ਸਹਾਇਤਾ ਦਿਵਾਉਣ ਦਾ ਝਾਂਸਾ ਦੇ ਕੇ ਮੇਰੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਫੋਟੋ ਸਟੇਟ ਕਾਪੀਆਂ ਕਰਵਾ ਕੇ ਆਪਣੇ ਕੋਲ ਰੱਖ ਲਈਆਂ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸ ਉਪਰੰਤ ਉਕਤ ਸਾਰਿਆਂ ਨੇ ਉਨ੍ਹਾਂ ਡਾਕੂਮੈਂਟਾਂ ’ਤੇ ਬੈਂਕ ਮੈਨੇਜਰ ਦੀ ਮਿਲੀਭੁਗਤ ਨਾਲ ਵੱਖ-ਵੱਖ ਫਰਮਾਂ ਦੇ ਨਾਂ ’ਤੇ 29 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸ਼ਿਕਾਇਤ ਦੀ ਪੜਤਾਲ ਸੀਨੀਅਰ ਪੁਲਸ ਕਪਤਾਨ ਵੱਲੋਂ ਉੱਚ ਪੁਲਸ ਅਧਿਕਾਰੀਆਂ ਪਾਸੋਂ ਕਰਵਾਉਣ ਤੋਂ ਬਾਅਦ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਦੋਸ਼ੀਆਂ ਤੋਂ ਇਲਾਵਾ ਮਿਲੀਭੁਗਤ ਨਾਲ ਕਰਜ਼ਾ ਦੇਣ ਵਾਲੇ ਦੀਪਕ ਕੁਮਾਰ ਵਾਸੀ ਕੋਟਕਪੂਰਾ ਬੈਂਕ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਪਿੰਡ ਭਾਣਾ ਅਤੇ ਇਸੇ ਹੀ ਬੈਂਕ ਦੇ ਕੈਸ਼ੀਅਰ ਹਰਚਰਨ ਸਿੰਘ ਵਾਸੀ ਭਾਨ ਸਿੰਘ ਕਾਲੋਨੀ ਫ਼ਰੀਦਕੋਟ ’ਤੇ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਅਜੇ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


Gurminder Singh

Content Editor

Related News