ਬੰਗਲਾਦੇਸ਼ ਦੀ ਹੱਦ ਨੇੜਿਓਂ ਲਾਪਤਾ ਹੋਇਆ ਨੌਜਵਾਨ ਸੰਗਰੂਰ ''ਚ ਮਿਲਿਆ

Friday, Mar 06, 2020 - 06:35 PM (IST)

ਬੰਗਲਾਦੇਸ਼ ਦੀ ਹੱਦ ਨੇੜਿਓਂ ਲਾਪਤਾ ਹੋਇਆ ਨੌਜਵਾਨ ਸੰਗਰੂਰ ''ਚ ਮਿਲਿਆ

ਸੰਗਰੂਰ (ਬੇਦੀ) : ਬੰਗਲਾਦੇਸ਼ ਦੀ ਹੱਦ ਨੇੜਿਓਂ 5-6 ਮਹੀਨੇ ਪਹਿਲਾਂ ਗੁੰਮ ਹੋਏ 24 ਵਰਿਆਂ ਦੇ ਮੰਦਬੁੱਧੀ ਨੌਜਵਾਨ ਪਿਊਸ਼ ਅੱਜ ਸੰਗਰੂਰ ਵਿਖੇ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ। ਇਸ ਬੇਸੁੱਧ ਨੌਜਵਾਨ ਉਸ ਦੇ ਮਾਪਿਆਂ ਤੱਕ ਪਹੁੰਚਾਉਣ ਦਾ ਜ਼ਰੀਆ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਪਿੰਗਲਵਾੜਾ ਸੰਸਥਾ ਸੰਗਰੂਰ ਬਣੀਆਂ ਹਨ। ਅੱਜ ਕਈ ਮਹੀਨੇ ਬਾਅਦ ਪਿਊਸ਼ ਨੇ ਜਿਉਂ ਹੀ ਆਪਣੇ ਘਰ ਵਾਲਿਆਂ ਨੂੰ ਵੇਖਿਆ ਤਾਂ ਉਸ ਦੀਆਂ ਓਦਰੀਆਂ ਅੱਖਾਂ ਵਿਚ ਇਕ ਚਮਕ ਆ ਗਈ ਅਤੇ ਆਪਣੇ ਬੱਚੇ ਨੂੰ ਦਰ-ਦਰ ਲੱਭ ਰਹੇ ਉਸ ਦੇ ਪਿਤਾ ਅਤੇ ਰਿਸ਼ਤੇਦਾਰਾਂ ਦੇ ਅੱਖਾਂ ਵਿਚ ਅੱਥਰੂ ਸਨ।

ਪਿਊਸ਼ ਨੂੰ ਲੈਣ ਆਏ ਉਸ ਦੇ ਪਿਤਾ ਨਰੇਸ਼ ਤਾਤੀਆ ਨੇ ਅੱਖਾਂ ਭਰ ਕੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਉਨ੍ਹਾਂ ਦਾ ਮੰਦਬੁੱਧੀ ਲੜਕਾ ਕਿਧਰੇ ਗੁੰਮ ਹੋ ਗਿਆ ਸੀ। ਉਨ੍ਹਾਂ ਨੇ ਰਿਸ਼ਤੇਦਾਰੀਆਂ ਵਿਚ ਭਾਲ ਕੀਤੀ ਪਰ ਕਿਧਰੋਂ ਕੁਝ ਵੀ ਪਤਾ ਨਹੀਂ ਲੱਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਸੁੰਦਰਵਣ (ਪੱਛਮੀ ਬੰਗਾਲ) ਹੈ ਜਿਹੜਾ ਬੰਗਲਾਦੇਸ਼ ਦੀ ਹੱਦ ਦੇ ਬਿਲਕੁਲ ਨਾਲ ਹੈ। ਨਰੇਸ਼ ਨੇ ਦੱਸਿਆ ਕਿ ਕਈ ਮਹੀਨਿਆਂ ਦੀ ਭਾਲ ਪਿੱਛੋਂ ਵੀ ਜਦੋਂ ਕਿਧਰੇ ਕੁਝ ਪਤਾ ਨਹੀਂ ਲੱਗਿਆ ਤਾਂ ਉਹ ਥੱਕ ਹਾਰ ਕੇ ਘਰੇ ਬੈਠ ਗਏ ਅਤੇ ਕੁਝ ਦਿਨ ਪਹਿਲਾਂ ਸੰਗਰੂਰ ਤੋਂ ਡੇਰਾ ਸੱਚਾ ਸੌਦਾ ਸੰਸਥਾ ਦੇ ਸ਼ਰਧਾਲੂ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਪਿਊਸ਼ ਦੇ ਸਹੀ ਸਲਾਮਤ ਹੋਣ ਬਾਰੇ ਦੱਸਿਆ। ਫਿਰ ਜਾ ਕੇ ਉਨ੍ਹਾਂ ਦੇ ਸਾਹ ਵਿਚ ਸਾਹ ਪਏ। ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ 2 ਦਿਨ ਦਾ ਸਫ਼ਰ ਤੈਅ ਕਰਕੇ ਅੱਜ ਸੰਗਰੂਰ ਪੁੱਜੇ ਅਤੇ ਪਿੰਗਲਵਾੜਾ ਸੰਸਥਾ ਵਿਚ ਪਿਊਸ਼ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਪਿਊਸ਼ ਦੇ ਪਿਤਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਬਹੁਤ ਹੀ ਨੇਕ ਦਿਲ ਹਨ ਜਿਨ੍ਹਾਂ ਨੇ ਉਸ ਦੇ ਮੰਦਬੁੱਧੀ ਬੱਚੇ ਦੀ ਇੰਨੀ ਸੰਭਾਲ ਕੀਤੀ ਅਤੇ ਉਨ੍ਹਾਂ ਤੱਕ ਸੰਪਰਕ ਕੀਤਾ।

ਇਸ ਸਬੰਧੀ ਗੱਲਬਾਤ ਕਰਦਿਆਂ ਪਿੰਗਲਵਾੜਾ ਸੰਸਥਾ ਸੰਗਰੂਰ ਦੇ ਸੰਚਾਲਕ ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੁਖਵਿੰਦਰ ਬਬਲਾ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਸੇ ਮੰਦਬੁੱਧੀ ਨੌਜਵਾਨ ਦੇ ਮਿਲਣ ਬਾਰੇ ਦੱਸਿਆ ਅਤੇ ਜਿਸ ਪਿਛੋਂ ਪੁਲਸ ਨੂੰ ਸੂਚਿਤ ਕਰਵਾਉਣ ਪਿਛੋਂ ਉਸ ਨੂੰ ਪਿੰਗਲਵਾੜੇ ਵਿਚ ਦਾਖ਼ਲ ਕਰ ਦਿੱਤਾ ਗਿਆ। ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਸ ਨੌਜਵਾਨ ਦੇ ਪਰਿਵਾਰਕ ਮੈਂਬਰ ਅੱਜ ਇਸ ਨੂੰ ਲੈਣ ਆਏ ਹਨ। ਇਸ ਸਬੰਧੀ ਡੇਰਾ ਸੱਚਾ ਸੌਦਾ ਦੇ ਦੀਪ ਚੰਦ ਇੰਸਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿਊਸ਼ ਨਾਂ ਦਾ ਇਹ ਮੰਦਬੁੱਧੀ ਨੌਜਵਾਨ ਹਰੇੜੀ ਰੋਡ 'ਤੇ ਡੇਰਾ ਪ੍ਰੇਮੀ ਬਲਵਿੰਦਰ ਬੱਬੀ ਤੇ ਜਸਪਾਲ ਸਿੰਘ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਪਿਊਸ਼ ਜਿਸ ਵੇਲੇ ਉਨ੍ਹਾਂ ਨੂੰ ਮਿਲਿਆ ਤਾਂ ਉਸ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਵਿਚੋਂ ਮੁਸ਼ਕ ਆ ਰਹੀ ਸੀ ਅਤੇ ਉਸ ਨੂੰ ਕੋਈ ਸੁਧ-ਬੁਧ ਨਹੀਂ ਸੀ, ਇਸ ਤੋਂ ਬਾਅਦ ਪ੍ਰੇਮੀਆਂ ਵੱਲੋਂ ਉਸ ਨੂੰ ਨਾਮਚਰਚਾ ਘਰ ਲਿਜਾ ਕੇ ਨੁਹਾ ਧੁਆ ਕੇ ਚੰਗੇ ਕੱਪੜੇ ਪਾਏ ਅਤੇ ਉਸ ਨੂੰ ਖਾਣ ਪੀਣ ਲਈ ਦਿੱਤਾ। ਦੀਪ ਚੰਦ ਨੇ ਦੱਸਿਆ ਕਿ ਪਿਊਸ਼ ਦੇ ਸੁਰਤ ਸਿਰ ਆਉਣ ਤੋਂ ਬਾਅਦ ਉਸ ਨੂੰ ਇੰਨੀ ਕੁ ਸੁਧ ਆ ਗਈ ਕਿ ਉਸ ਨੇ ਆਪਣੇ ਘਰ ਦਾ ਮੁਬਾਇਲ ਨੰਬਰ ਵੀ ਉਨ੍ਹਾਂ ਨੂੰ ਦੱਸ ਦਿੱਤਾ ਅਤੇ ਜਿਸ ਪਿਛੋਂ ਉਸ ਦੇ ਘਰ-ਬਾਰ ਸਬੰਧੀ ਪਤਾ ਲੱਗਿਆ।


author

Gurminder Singh

Content Editor

Related News