ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ, ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ
Saturday, Dec 12, 2020 - 10:05 AM (IST)
ਪੱਟੀ (ਰਮਨ, ਸੌਰਭ): ਪੱਟੀ ਹਲਕੇ ਦੇ ਪਿੰਡ ਪਨਗੋਟਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਹਰੀਕੇ ਪੱਤਣ ਦੀ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਉਕਤ ਨੌਜਵਾਨ ਨੂੰ ਨਸ਼ਾ ਦੇਣ ਵਾਲੇ ਵਿਅਕਤੀ ਵਿਰੁੱਧ ਗੈਰ ਇਰਾਦਨ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ
ਜਾਣਕਾਰੀ ਦਿੰਦਿਆ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਦੇ ਭਰਾ ਜੋਰਾ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦਾ ਜੋੜਾ ਭਰਾ ਗਲਤ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਾ ਕਰਨ ਲੱਗ ਪਿਆ ਸੀ। ਪਰਿਵਾਰਕ ਮੈਂਬਰਾਂ ਦੀ ਸੂਝ ਬੂਝ ਕਾਰਨ ਹੁਣ ਉਸਨੇ ਨਸ਼ੇ ਦਾ ਤਿਆਗ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬੀਤੇ ਸ਼ੁੱਕਰਵਾਰ ਗੁਰਪ੍ਰੀਤ ਸਿੰਘ ਪਸ਼ੂਆਂ ਵਾਲੀ ਹਵੇਲੀ ਵੱਲ ਗਿਆ ਸੀ ਪਰ ਵਾਪਸ ਨਹੀਂ ਆਇਆ। ਇਸ ਤੋਂ ਜਦੋਂ ਮੈਂ ਆਪਣੀ ਮਾਤਾ ਰਾਜਵਿੰਦਰ ਕੌਰ ਸਮੇਤ ਹਵੇਲੀ ਗਿਆ ਤਾਂ ਵੇਖਿਆ ਕਿ ਪਿੰਡ ਦਾ ਹੀ ਰਵੀਸ਼ੇਰ ਸਿੰਘ ਪੁੱਤਰ ਸ਼ਵਿੰਦਰ ਸਿੰਘ ਉਸਦੇ ਭਰਾ ਨੂੰ ਟੀਕਾ ਲਗਾ ਰਿਹਾ ਸੀ, ਜੋ ਉਨ੍ਹਾਂ ਨੂੰ ਵੇਖ ਕੇ ਸਰਿੰਜ ਸੁੱਟ ਕੇ ਫ਼ਰਾਰ ਹੋ ਗਿਆ। ਇਸ ਤੋਂ ਤੁਰੰਤ ਬਾਅਦ ਗੁਰਪ੍ਰੀਤ ਸਿੰਘ ਬੇਹੋਸ਼ ਹੋ ਗਿਆ, ਜਿਸ ਨੂੰ ਪੱਟੀ ਦੇ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਰੂਪ ਵਿਚ ਉਸ ਨੂੰ ਜ਼ਹਿਰੀਲਾ ਪਦਾਰਥ ਦੇ ਦਿੱਤਾ ਗਿਆ। ਜੋ ਉਸ ਲਈ ਜਾਨ ਲੇਵਾ ਸਾਬਤ ਹੋਇਆ। ਇਸ ਸਬੰਧੀ ਡਿਊਟੀ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਵੀਸ਼ੇਰ ਸਿੰਘ ਖ਼ਿਲਾਫ਼ ਗੈਰ ਇਰਾਦਨ ਕਤਲ ਦੀਆਂ ਧਾਰਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟ ਮਾਰਟਮ ਤੋ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਜਨਵਰੀ ਮਹੀਨੇ ਕੋਰੋਨਾ ਵੈਕਸੀਨ ਆਉਣ ਦੀ ਉਮੀਦ, ਕੋਰੋਨਾ ਯੋਧਿਆਂ ਨੂੰ ਮਿਲੇਗੀ ਪਹਿਲਾਂ
ਜਲਦੀ ਕਾਬੂ ਕਰ ਲਿਆ ਜਾਵੇਗਾ ਨਸ਼ਾ ਤਸਕਰ: ਥਾਣਾ ਮੁਖੀ
ਪਨਗੋਟਾ ਵਿਖੇ ਵਿਕਦੇ ਮੌਤ ਦੇ ਸਮਾਨ ਸਬੰਧੀ ਥਾਣਾ ਹਰੀਕੇ ਦੇ ਮੁਖੀ ਗੁਰਮੇਲ ਸਿੰਘ ਸੇਖੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਮਾਰੂ ਨਸ਼ਿਆਂ ਦਾ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਮਜਦ ਨਸ਼ਾ ਤਸਕਰ ਜਲਦੀ ਕਾਨੂੰਨੀ ਸ਼ਿਕੰਜੇ 'ਚ ਹੋਵੇਗਾ।
ਨੋਟ— ਆਏ ਦਿਨ ਨਸ਼ੇ ਕਾਰਨ ਹੋਰ ਰਹੀਆਂ ਮੌਤਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?