40 ਲੱਖ ਦੀ ਨਕਦੀ ਸਣੇ ਏ.ਟੀ.ਐੱਮ ਮਸ਼ੀਨ ਲੈ ਕੇ ਰਫੂਚੱਕਰ ਹੋਏ ਲੁਟੇਰੇ

08/07/2019 2:58:30 PM

ਫਤਿਹਗੜ੍ਹ ਸਾਹਿਬ (ਜੱਜੀ, ਬਖਸ਼ੀ)—ਬੀਤੀ ਰਾਤ ਸਰਹਿੰਦ-ਪਟਿਆਲਾ ਰੋਡ 'ਤੇ ਪੈਂਦੇ ਪਿੰਡ ਰੁੜਕੀ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦਾ ਏ. ਟੀ. ਐੱਮ. ਤੋੜ ਕੇ ਚੋਰਾਂ ਵੱਲੋਂ ਲਗਭਗ 40 ਲੱਖ ਰੁਪਏ ਦੀ ਨਕਦੀ ਸਮੇਤ ਪੁੱਟ ਕੇ ਲੈ ਜਾਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਬੀ. ਆਈ. ਬੈਂਕ ਨੇ ਇਕ ਨਿੱਜੀ ਕੰਪਨੀ ਨੂੰ ਏ. ਟੀ. ਐੱਮ. ਵਿਚ ਨਕਦੀ ਪਾਉਣ ਦਾ ਠੇਕਾ ਦਿੱਤਾ ਹੋਇਆ ਹੈ। ਜਦੋਂ ਕੰਪਨੀ ਦੇ ਕੈਸ਼ ਅਫਸਰ ਲਖਵਿੰਦਰ ਸਿੰਘ ਨਾਲ ਗੱੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਏ. ਟੀ. ਐੱਮ. ਵਿਚ ਬੀਤੀ 2 ਅਗਸਤ ਨੂੰ 30 ਲੱਖ ਰੁਪਏ, 5 ਅਗਸਤ ਨੂੰ 15 ਲੱਖ ਰੁਪਏ ਅਤੇ 6 ਅਗਸਤ ਨੂੰ 20 ਲੱਖ ਰੁਪਏ ਦੀ ਨਕਦੀ ਪਾਈ ਸੀ, ਜੋ ਕਿ ਕੁੱਲ ਰਕਮ 65 ਲੱਖ ਰੁਪਏ ਬਣਦੀ ਹੈ, ਜਦਕਿ ਬੀਤੀ ਰਾਤ ਸੀ. ਸੀ. ਟੀ. ਵੀ. ਕੈਮਰੇ ਅਨੁਸਾਰ ਲਗਭਗ ਢਾਈ ਵਜੇ ਚੋਰ ਏ. ਟੀ. ਐੱਮ. ਤੋੜ ਕੇ ਲਗਭਗ 40 ਲੱਖ ਰੁਪਏ ਕੱਢ ਕੇ ਲੈ ਗਏ।

ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਵੀ ਚੋਰਾਂ ਵੱਲੋਂ ਇਸ ਏ. ਟੀ. ਐੱਮ. ਦੀ ਤੋੜ-ਭੰਨ ਕੀਤੀ ਗਈ ਸੀ ਪਰ ਕੋਈ ਪੈਸਾ ਚੋਰੀ ਨਹੀਂ ਹੋਇਆ ਸੀ। ਇਸਦੇ ਬਾਵਜੂਦ ਇਸ ਏ. ਟੀ. ਐੱਮ. 'ਤੇ ਰਾਤ ਸਮੇਂ ਕੋਈ ਸਕਿਓਰਟੀ ਗਾਰਡ ਆਦਿ ਨਹੀਂ ਰੱਖਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ, ਥਾਣਾ ਮੂਲੇਪੁਰ ਦੇ ਐੱਸ. ਐੱਚ. ਓ. ਮਨਪ੍ਰੀਤ ਸਿੰਘ ਦਿਉਲ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਵੱਖ-ਵੱਖ ਪਹਿਲੂਆਂ 'ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਵਿਚੋਂ ਵੀ ਫੁਟੇਜ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਪੁੱਛੇ ਜਾਣ 'ਤੇ ਇਹ ਵੀ ਦੱਸਿਆ ਕਿ ਏ. ਟੀ. ਐੱਮ. ਵਿਚ ਕਿੰਨੇ ਪੈਸੇ ਸਨ, ਇਸ ਸਬੰਧੀ ਵੀ ਜਾਂਚ ਜਾਰੀ ਹੈ।


Shyna

Content Editor

Related News