ਸਾਵਧਾਨ! ਪਤਾ ਪੁੱਛਣ ਦੇ ਬਹਾਨੇ ਆਏ ਲੁਟੇਰੇ, ਘਰ ਦੇ ਬਾਹਰ ਬੈਠੀ ਔਰਤ ਦੀਆਂ ਬਾਲੀਆਂ ਝਪਟ ਕੇ ਹੋਏ ਫਰਾਰ

Thursday, Feb 12, 2026 - 11:39 PM (IST)

ਸਾਵਧਾਨ! ਪਤਾ ਪੁੱਛਣ ਦੇ ਬਹਾਨੇ ਆਏ ਲੁਟੇਰੇ, ਘਰ ਦੇ ਬਾਹਰ ਬੈਠੀ ਔਰਤ ਦੀਆਂ ਬਾਲੀਆਂ ਝਪਟ ਕੇ ਹੋਏ ਫਰਾਰ

ਗੁਰਦਾਸਪੁਰ (ਗੁਰਪ੍ਰੀਤ) - ਜੇਕਰ ਤੁਹਾਡੇ ਘਰ ਦੇ ਬੂਹੇ 'ਤੇ ਕੋਈ ਅਣਜਾਣ ਵਿਅਕਤੀ ਆ ਕੇ ਪਤਾ ਪੁੱਛਦਾ ਹੈ, ਤਾਂ ਬੇਹੱਦ ਸਾਵਧਾਨ ਹੋ ਜਾਣ ਦੀ ਲੋੜ ਹੈ ਕਿਉਂਕਿ ਇਹ ਕੋਈ ਲੁਟੇਰਾ ਜਾਂ ਝਪਟਮਾਰ ਵੀ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਧਾਰੀਵਾਲ ਦੇ ਡੱਡਵਾਂ ਰੋਡ 'ਤੇ ਸਥਿਤ ਗੋਲਡਨ ਐਵੀਨਿਊ ਵਿਖੇ ਸਾਹਮਣੇ ਆਇਆ ਹੈ, ਜਿੱਥੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਔਰਤ ਦੀਆਂ ਬਾਲੀਆਂ ਝਪਟ ਕੇ ਫਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਪੀੜਤ ਔਰਤ ਕਿਰਨ ਬਾਲਾ ਅਤੇ ਉਸਦੇ ਦਿਓਰ ਸੁਰਿੰਦਰ ਮਹਾਜਨ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਸਨ ਅਤੇ ਕਿਰਨ ਬਾਲਾ ਗੇਟ ਨੇੜੇ ਕੁਰਸੀ 'ਤੇ ਬੈਠੀ ਹੋਈ ਸੀ। ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਹਨ ਅਤੇ ਕਿਸੇ ਦਾ ਪਤਾ ਪੁੱਛਦੇ ਹਨ। ਜਾਣਕਾਰੀ ਨਾ ਹੋਣ 'ਤੇ ਉਹ ਇੱਕ ਵਾਰ ਅੱਗੇ ਨਿਕਲ ਗਏ, ਪਰ ਫਿਰ ਮੋਟਰਸਾਈਕਲ ਮੋੜ ਕੇ ਵਾਪਸ ਆ ਗਏ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਕੇ ਗੇਟ ਕੋਲ ਆਇਆ ਅਤੇ ਪਾਣੀ ਮੰਗਣ ਲੱਗਾ।

ਹਾਲਾਂਕਿ ਪਰਿਵਾਰ ਦੀ ਨੂੰਹ ਵੱਲੋਂ ਉਸ ਨੌਜਵਾਨ ਨੂੰ ਬਾਹਰ ਜਾਣ ਲਈ ਕਿਹਾ ਗਿਆ ਸੀ, ਪਰ ਮੌਕਾ ਦੇਖਦੇ ਹੀ ਉਸ ਨੇ ਕੁਰਸੀ 'ਤੇ ਬੈਠੀ ਕਿਰਨ ਬਾਲਾ ਦੇ ਕੰਨਾਂ ਦੀਆਂ ਦੋਵੇਂ ਬਾਲੀਆਂ ਝਪਟ ਲਈਆਂ। ਇਸ ਤੋਂ ਬਾਅਦ ਉਹ ਪਹਿਲਾਂ ਤੋਂ ਹੀ ਸਟਾਰਟ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਤੇਜ਼ੀ ਨਾਲ ਫਰਾਰ ਹੋ ਗਿਆ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਦੇਖਿਆ ਗਿਆ ਹੈ ਕਿ ਇਨ੍ਹਾਂ ਲੁਟੇਰਿਆਂ ਨੇ ਇਸ ਘਰ ਵਿੱਚ ਵਾਰਦਾਤ ਕਰਨ ਤੋਂ ਪਹਿਲਾਂ ਇੱਕ ਹੋਰ ਘਰ ਦੀ ਔਰਤ ਕੋਲੋਂ ਵੀ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਸੀ। ਪੀੜਤ ਪਰਿਵਾਰ ਵੱਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਸੂਚਨਾ ਮਿਲਦੇ ਹੀ ਡੀ.ਐਸ.ਪੀ. (DSP) ਕੁਲਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਕੋਲੋਂ ਸਾਰੀ ਘਟਨਾ ਦੀ ਜਾਣਕਾਰੀ ਲਈ। ਪੁਲਸ ਵੱਲੋਂ ਨੇੜੇ-ਤੇੜੇ ਦੇ ਹੋਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦਾ ਸੁਰਾਗ ਲਗਾਇਆ ਜਾ ਸਕੇ, ਹਾਲਾਂਕਿ ਪੁਲਸ ਅਜੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।
 


author

Inder Prajapati

Content Editor

Related News