ਆਸ਼ੂਤੋਸ਼ ਮਹਾਰਾਜ ਦੇ ਮਮੀ ਬਣ ਚੁੱਕੇ ਸਰੀਰ ਦੀ ਰਿਪੋਰਟ ਹਾਈਕੋਰਟ ''ਚ ਪੇਸ਼

09/16/2016 1:29:55 PM

ਚੰਡੀਗੜ੍ਹ : ਨੂਰਮਹਿਲ ਸਥਿਤ ''ਦਿੱਵਿਆ ਜਯੋਤੀ ਜਾਗ੍ਰਿ੍ਰਤੀ ਸੰਸਥਾਨ'' ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਮਾਮਲੇ ''ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ''ਚ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਇਸ ਮਾਮਲੇ ''ਚ ਬਣੀ ਡਾਕਟਰਾਂ ਦੀ ਕਮੇਟੀ ਨੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੀ ਪਰ ਸਰਕਾਰ ਵਲੋਂ ਅੱਜ ਵੀ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਡਾਕਟਰਾਂ ਦੇ 3 ਮੈਂਬਰੀ ਬੋਰਡ ਨੂੰ ਡੇਰੇ ਭੇਜਿਆ ਸੀ, ਜਿੱਥੇ ਡਾਕਟਰਾਂ ਨੇ ਦੇਖਿਆ ਕਿ ਮਹਾਰਾਜ ਦਾ ਸਰੀਰ ਪੂਰੀ ਤਰ੍ਹਾਂ ਕਾਲਾ ਪੈ ਚੁੱਕਾ ਹੈ ਅਤੇ ਮਮੀ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਇਸ ਦੀ ਰਿਪੋਰਟ ਬੋਰਡ ਨੇ ਅੱਜ ਅਦਾਲਤ ਸਾਹਮਣੇ ਪੇਸ਼ ਕਰ ਦਿੱਤੀ ਪਰ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਵਕੀਲਾਂ ਨੇ ਅਦਾਲਤ ਤੋਂ ਹੋਰ ਸਮਾਂ ਮੰਗਿਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 9 ਨਵੰਬਰ ਨੂੰ ਤੈਅ ਕੀਤੀ ਹੈ। 
ਅਦਾਲਤ ਨੇ ਪੰਜਾਬ ਸਰਕਾਰ ਨੂੰ ਸਾਰੀ ਰਿਪੋਰਟ 16 ਸਤੰਬਰ ਨੂੰ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਨੂੰ ਡਾਕਟਰਾਂ ਵਲੋਂ 29 ਜਨਵਰੀ, 2014 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੇ ਨੂਰਮਹਿਲ ਸਥਿਤ ਡੇਰੇ ਵਿਚ ਉਨ੍ਹਾਂ ਦਾ ਮ੍ਰਿਤਕ ਦੇਹ ਇੱਕ ਕਮਰੇ ''ਚ ਫਰੀਜ਼ਰ ਵਿਚ ਰੱਖੀ ਹੋਈ ਹੈ, ਜਿਸ ਨੂੰ ਢਾਈ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ। ਸੰਸਥਾਨ ਦਾ ਦਾਅਵਾ ਹੈ ਕਿ ਮਹਾਰਾਜ ਡੂੰਘੀ ਸਮਾਧੀ ''ਚ ਹਨ ਅਤੇ ਕਿਸੇ ਵੇਲੇ ਵੀ ਵਾਪਸ ਪਰਤ ਸਕਦੇ ਹਨ, ਜਦੋਂ ਕਿ ਆਸ਼ੂਤੋਸ਼ ਮਹਾਰਾਜ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਲੀਪ ਕੁਮਾਰ ਝਾਅ ਨੇ ਅਦਾਲਤ ਤੋਂ ਆਪਣਾ ਡੀ. ਐੱਨ. ਏ. ਟੈਸਟ ਕਰਵਾਉਣ ਅਤੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਦਿੱਤੇ ਜਾਣ ਲਈ ਪਟੀਸ਼ਨ ਦਾਇਰ ਕੀਤੀ ਹੈ।

Babita Marhas

News Editor

Related News