ਕੈਗ ਰਿਪੋਰਟ ਆਉਣ ਤੋਂ ਬਾਅਦ ਸਮਾਰਟ ਸਿਟੀ ਦੇ ਪੈਸੇ ਖਾਣ ਵਾਲੇ ਅਫ਼ਸਰਾਂ ’ਚ ਮਚਿਆ ਹੜਕੰਪ

Wednesday, May 01, 2024 - 04:16 PM (IST)

ਕੈਗ ਰਿਪੋਰਟ ਆਉਣ ਤੋਂ ਬਾਅਦ ਸਮਾਰਟ ਸਿਟੀ ਦੇ ਪੈਸੇ ਖਾਣ ਵਾਲੇ ਅਫ਼ਸਰਾਂ ’ਚ ਮਚਿਆ ਹੜਕੰਪ

ਜਲੰਧਰ (ਖੁਰਾਣਾ)- ਦੇਸ਼ ਦੇ ਸਭ ਤੋਂ ਵੱਡੀ ਆਡਿਟ ਸੰਸਥਾ ਕੈਗ ਨੇ ਹਾਲ ਹੀ ’ਚ ਜਲੰਧਰ ਸਮਾਰਟ ਸਿਟੀ ਦੇ ਖਾਤਿਆਂ ਦੇ ਆਡਿਟ ਸਬੰਧੀ ਵਿਸਤ੍ਰਿਤ ਰਿਪੋਰਟ ਜਾਰੀ ਕੀਤੀ ਹੈ। ਕੈਗ ਦੀ ਇਸ ਰਿਪੋਰਟ ’ਚ ਸਮਾਰਟ ਸਿਟੀ ਜਲੰਧਰ ’ਚ ਪਿਛਲੇ ਸਮੇਂ ਦੌਰਾਨ ਹੋਈਆਂ ਕਈ ਗੜਬੜੀਆਂ ਦਾ ਖ਼ੁਲਾਸਾ ਕੀਤਾ ਗਿਆ ਹੈ। ਕੈਗ ਦੇ ਇਸ ਖ਼ੁਲਾਸੇ ਤੋਂ ਬਾਅਦ ਪੰਜਾਬ ਦੇ ਉਨ੍ਹਾਂ ਅਫ਼ਸਰਾਂ ’ਚ ਹੜਕੰਪ ਮਚ ਗਿਆ ਹੈ, ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਜਲੰਧਰ ਸਮਾਰਟ ਸਿਟੀ ’ਚ ਜਾਂ ਤਾਂ ਕੰਮ ਕੀਤਾ ਜਾਂ ਉਨ੍ਹਾਂ ਕੋਲ ਸੀ. ਈ. ਓ. ਆਦਿ ਪੋਸਟ ਦਾ ਚਾਰਜ ਰਿਹਾ, ਕਿਉਂਕਿ ਕੈਗ ਨੇ ਇਹ ਆਡਿਟ 2015 ਤੋਂ ਲੈ ਕੇ 31 ਮਾਰਚ 2023 ਤੱਕ ਖ਼ਤਮ ਹੋਏ ਵਿੱਤੀ ਸਾਲ ਤੱਕ ਦਾ ਕੀਤਾ ਹੈ। ਇਸ ਲਈ ਇਨ੍ਹਾਂ 9-10 ਸਾਲਾਂ ਦੌਰਾਨ ਸਮਾਰਟ ਸਿਟੀ ਜਲੰਧਰ ’ਚ ਰਹੇ ਅਧਿਕਾਰੀਆਂ ਦੀ ਗਿਣਤੀ ਵੀ ਕਾਫ਼ੀ ਹੈ। ਇਸ ਦੌਰਾਨ ਪਤਾ ਚੱਲਿਆ ਹੈ ਕਿ ਜਲੰਧਰ ਸਮਾਰਟ ਸਿਟੀ ’ਚ ਰਹੇ ਅਧਿਕਾਰੀਆਂ ਨੇ ਹੁਣ ਜਲੰਧਰ ਆਫਿਸ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸਮਾਰਟ ਸਿਟੀ ਦੇ ਮੌਜੂਦਾ ਅਧਿਕਾਰੀ ਜਿੱਥੇ ਕੈਗ ਦੇ ਇਤਰਾਜ਼ਾਂ ਦੇ ਆਧਾਰ ’ਤੇ ਵਿਸਤ੍ਰਿਤ ਰਿਪੋਰਟ ਤਿਆਰ ਕਰ ਰਹੇ ਹਨ, ਉਥੇ ਹੀ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਤੋਂ ਵੀ ਸਪੱਸ਼ਟੀਕਰਨ ਮੰਗ ਕੇ ਉਸ ਨੂੰ ਕੈਗ ਨੂੰ ਭੇਜੀ ਜਾਣ ਵਾਲੀ ਰਿਪੋਰਟ ’ਚ ਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਅਜੇ ਤਾਂ ਕਈ ਸੌ ਕਰੋੜ ਰੁਪਏ ਦੇ ਖਾਤਿਆਂ ਦਾ ਹੋਣਾ ਹੈ ਆਡਿਟ, ਉਸ ’ਚ ਵੀ ਨਿਕਲ ਸਕਦੀਆਂ ਹਨ ਕਈ ਗੜਬੜੀਆਂ
ਕੈਗ ਨੇ ਹਾਲ ਹੀ ’ਚ ਜਲੰਧਰ ਸਮਾਰਟ ਸਿਟੀ ਦੇ ਖਾਤਿਆਂ ਸਬੰਧੀ ਜੋ ਆਡਿਟ ਰਿਪੋਰਟ ਦਿੱਤੀ ਹੈ, ਉਸ ’ਚ ਜਲੰਧਰ ਸਿਟੀ ਵੱਲੋਂ ਪਿਛਲੇ 8-9 ਸਾਲਾਂ ’ਚ ਖਰਚ ਕੀਤੇ ਗਏ 618 ਕਰੋੜ ਰੁਪਏ ਦੇ ਖਾਤਿਆਂ ਦਾ ਹਿਸਾਬ-ਕਿਤਾਬ ਲਾਇਆ ਗਿਆ ਹੈ। ਧਿਆਨ ਦੇਣ ਯੋਗ ਹੈ ਕਿ ਜਲੰਧਰ ਸਮਾਰਟ ਸਿਟੀ ਨੇ ਇਨ੍ਹਾਂ ਸਾਲਾਂ ’ਚ 618 ਤੋਂ ਕਿਤੇ ਵੱਧ ਪੈਸੇ ਖਰਚ ਕੀਤੇ ਹਨ, ਜਿਨ੍ਹਾਂ ਸਬੰਧੀ ਖਾਤਿਆਂ ਦਾ ਅਜੇ ਆਡਿਟ ਹੀ ਨਹੀਂ ਹੋਇਆ ਹੈ। ਮਿਸਾਲ ਦੇ ਤੌਰ ’ਤੇ ਰੈਣਕ ਬਾਜ਼ਾਰ ਆਦਿ ਅਨੇਕ ਖੇਤਰਾਂ ’ਚ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕਰਨ ਬਾਰੇ ਸਮਾਰਟ ਸਿਟੀ ਦਾ ਜੋ ਪ੍ਰਾਜੈਕਟ ਚਲਾਇਆ ਗਿਆ, ਉਸ ’ਚ ਪੈਸੇ ਪਾਵਰਕਾਮ ਨੂੰ ਟਰਾਂਸਫਰ ਕੀਤੇ ਗਏ।

ਇਸੇ ਤਰ੍ਹਾਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਸਬੰਧੀ ਪ੍ਰਾਜੈਕਟ ਦੇ ਪੈਸੇ ਰੇਲਵੇ ਨੂੰ ਟਰਾਂਸਫਰ ਹੋਏ। ਕਾਲਾ ਸੰਘਿਆਂ ਡ੍ਰੇਨ ਦੇ ਸੁੰਦਰੀਕਰਨ ਸਬੰਧੀ ਚੱਲੇ ਪ੍ਰਾਜੈਕਟ ਦੇ ਪੈਸੇ ਡ੍ਰੇਨੇਜ਼ ਵਿਭਾਗ ਵੱਲੋਂ ਖਰਚ ਕੀਤੇ ਗਏ। ਖਾਸ ਗੱਲ ਇਹ ਹੈ ਕਿ ਇਹ ਸਾਰੇ ਪ੍ਰਾਜੈਕਟ, ਕਿਉਂਕਿ ਸਮਾਰਟ ਸਿਟੀ ਜਲੰਧਰ ਵੱਲੋਂ ਚਲਾਏ ਗਏ, ਇਸ ਲਈ ਸਮਾਰਟ ਸਿਟੀ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਦਾ ਵੀ ਖਿਆਲ ਰੱਖਦੇ ਕਿ ਕਿਤੇ ਉਨ੍ਹਾਂ ’ਚ ਗੜਬੜੀ ਤਾਂ ਨਹੀਂ ਹੋਈ। ਹੁਣ ਵੇਖਣਾ ਹੋਵੇਗਾ ਕਿ ਸਮਾਰਟ ਸਿਟੀ ਦੇ ਅਜਿਹੇ ਖਾਤਿਆਂ ਦਾ ਕਦੋਂ ਆਡਿਟ ਹੋਵੇਗਾ ਅਤੇ ਉਨ੍ਹਾਂ ’ਚ ਕੀ ਨਿਕਲ ਕੇ ਆਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਨੌਜਵਾਨ ਨੇ ਨਿਊਜ਼ੀਲੈਂਡ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਹਾਸਲ ਕੀਤਾ ਇਹ ਵੱਡਾ ਮੁਕਾਮ

ਥਰਡ ਪਾਰਟੀ ਜਾਂਚ ’ਚ ਵੀ ਨਿਕਲ ਚੁੱਕੇ ਹਨ ਕਈ ਨੁਕਸ, ਪ੍ਰਿੰਸੀਪਲ ਸੈਕਟਰੀ ਵੀ ਕੰਮ ਤੋਂ ਨਾਖੁਸ਼ ਨਜ਼ਰ ਆਏ
ਜਲੰਧਰ ਸਮਾਰਟ ਸਿਟੀ ਦਾ ਇਕ ਪ੍ਰਾਜੈਕਟ ਸਮਾਰਟ ਰੋਡਜ਼ ਸਬੰਧੀ ਵੀ ਹੈ ਜੋ 50 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਹੈ। ਸ਼ਹਿਰ ’ਚ ਆਮ ਚਰਚਾ ਰਹੀ ਕਿ ਜਿਸ ਖੇਤਰ ਨੂੰ ਸਮਾਰਟ ਬਣਾਉਣ ਲਈ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਉਥੇ ਕੋਈ ਸਮੱਸਿਆ ਸੀ ਹੀ ਨਹੀਂ। ਉਥੇ ਪਹਿਲਾਂ ਤੋਂ ਹੀ ਸੜਕਾਂ ਚੰਗੀਆਂ-ਭਲੀਆਂ ਸਨ, ਉਥੇ ਮੀਂਹ ਦੇ ਪਾਣੀ ਦੇ ਸਮੱਸਿਆ ਨਹੀਂ ਸੀ ਤੇ ਸਟ੍ਰੀਟ ਲਾਈਟਾਂ ਵੀ ਠੀਕ ਸਨ। ਫਿਰ ਵੀ 50 ਕਰੋੜ ਰੁਪਏ ਇਨ੍ਹਾਂ ਚੀਜ਼ਾਂ ’ਤੇ ਖਰਚ ਕਰਨ ਦੀ ਤੁਕ ਕਿਸੇ ਨੂੰ ਸਮਝ ’ਚ ਨਹੀਂ ਆ ਰਹੀ। ਇਹ ਪ੍ਰਾਜੈਕਟ ਸ਼ੁਰੂ ਤੋਂ ਹੀ ਵਿਵਾਦਾਂ ’ਚ ਰਿਹਾ। ਕੰਮ ਦੀ ਕੁਆਲਿਟੀ ਤੇ ਤਰੱਕੀ ਨੂੰ ਲੈ ਕੇ ਵੀ ਕਈ ਦੋਸ਼ ਲੱਗੇ। ਥਰਡ ਪਾਰਟੀ ਜਾਂਚ ਵੀ ਹੋਈ, ਕਈ ਨੁਕਸ ਨਿਕਲੇ ਪਰ ਕਿਸੇ ਨੂੰ ਜਵਾਬਦੇਹ ਨਹੀਂ ਠਹਿਰਾਇਆ ਗਿਆ। ਇਕ ਵਾਰ ਤਾਂ ਵਰਕਸ਼ਾਪ ਚੌਕ ’ਚ ਪੂਰੀ ਦੀ ਪੂਰੀ ਸੜਕ ਦੀ ਧੱਸ ਗਈ ਪਰ ਫਿਰ ਵੀ ਕਿਸੇ ’ਤੇ ਐਕਸ਼ਨ ਨਹੀਂ ਹੋਇਆ।

ਸਮਾਰਟ ਰੋਡਜ਼ ਪ੍ਰਾਜੈਕਟ ’ਚ ਗੜਬੜੀਆਂ ਨੂੰ ਲੈ ਕੇ ਜਲੰਧਰ ਨਿਗਮ ਦੇ 2 ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਪਰ ਸਵਾਲ ਉੱਠਦੇ ਰਹੇ ਕਿ ਜਲੰਧਰ ਨਿਗਮ ਤਾਂ ਸਿਰਫ ਨੋਡਲ ਏਜੰਸੀ ਸੀ, ਜਲੰਧਰ ਸਮਾਰਟ ਸਿਟੀ ਕੰਪਨੀ ਦੇ ਜਿਸ ਟੀਮ ਲੀਡਰ ਦੀ ਦੇਖਰੇਖ ’ਚ ਇਹ ਪ੍ਰਾਜੈਕਟ ਚੱਲਿਆ, ਉਨ੍ਹਾਂ ’ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ। ਜ਼ਿਕਰਯੋਗ ਹੈ ਕਿ ਜਦੋਂ ਇਹ ਪ੍ਰਾਜੈਕਟ ਸ਼ੁਰੂ ਹੋਇਆ ਤੇ ਕਰੋੜਾਂ ਦਾ ਕੰਮ ਹੋਇਆ, ਉਦੋਂ ਸੀ. ਈ. ਓ. ਕਰਨੇਸ਼ ਸ਼ਰਮਾ ਅਤੇ ਟੀਮ ਲੀਡਰ ਕੁਲਵਿੰਦਰ ਸਿੰਘ ਸਨ। ਕੁਲਵਿੰਦਰ ਸਿੰਘ ਨਿਗਮ ਤੋਂ ਰਿਟਾ. ਐੱਸ.ਈ. ਹਨ ਤੇ ਸਰਕਾਰ ਤੋਂ ਪੈਨਸ਼ਨ ਲੈ ਰਹੇ ਹਨ ਫਿਰ ਵੀ ਉਨ੍ਹਾਂ ਨੂੰ ਕਦੇ ਇਸ ਪ੍ਰਾਜੈਕਟ ’ਚ ਲਾਪ੍ਰਵਾਹੀ ਲਈ ਜਵਾਬਦੇਹ ਨਹੀਂ ਬਣਾਇਆ ਗਿਆ। ਉਨ੍ਹਾਂ ਤੋਂ ਬਾਅਦ ਆਏ ਟੀਮ ਲੀਡਰ ਨੇ ਵੀ ਇਸ ਪ੍ਰਾਜੈਕਟ ਨੂੰ ਲੈ ਕੇ ਗੰਭੀਰਤਾ ਕਿਉਂ ਨਹੀਂ ਦਿਖਾਈ। ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਜਾਏ ਸ਼ਰਮਾ ਨੇ ਇਕ ਵਾਰ ਸਮਾਰਟ ਰੋਡਜ਼ ਪ੍ਰਾਜੈਕਟ ਦਾ ਦੌਰਾ ਕੀਤਾ ਤੇ ਵਰਕਮੈਨਸ਼ਿਪ ’ਤੇ ਨਾਖੁਸ਼ੀ ਪ੍ਰਗਟਾਈ ਤੇ ਅਧਿਕਾਰੀਆਂ ਨੂੰ ਝਿੜਕਿਆ। ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ।
 

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News