ਬੈਰਗਾਮੋ ਦੀ ਧਰਤੀ ''ਤੇ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦਾ 2 ਰੋਜ਼ਾ ਆਗਮਨ ਪੁਰਬ

Wednesday, May 01, 2024 - 05:38 PM (IST)

ਬੈਰਗਾਮੋ ਦੀ ਧਰਤੀ ''ਤੇ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦਾ 2 ਰੋਜ਼ਾ ਆਗਮਨ ਪੁਰਬ

ਰੋਮ (ਦਲਵੀਰ ਕੈਂਥ): ਸਮਾਜ ਵਿੱਚੋਂ ਭਰਮ ਭੁਲੇਖੇ ਅਤੇ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ 14ਵੀਂ ਸਦੀ ਵਿੱਚ ਅਵਤਾਰ ਧਾਰਨ ਵਾਲੇ ਮਹਾਨ ਕ੍ਰਾਂਤੀਕਾਰੀ, ਸ਼੍ਰੌਮਣੀ ਸੰਤ ਤੇ ਅਧਿਆਤਮਵਾਦੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਲੰਬਾਰਦੀਆਂ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਜਿਹੜਾ ਇਟਲੀ ਵਿੱਚ ਮਿਸ਼ਨ ਦਾ ਝੰਡਾ ਬੁਲੰਦ ਕਰਨ ਵਿੱਚ ਮੋਹਰੀ ਹੈ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮੋ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਧੂਮ-ਧਾਮ, ਸ਼ਰਧਾ ਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਵਿੱਚ ਇਟਲੀ ਭਰ ਤੋਂ ਸੰਗਤਾਂ ਨੇ ਵੱਡੇ ਹਜੂਮ ਵਿੱਚ ਹਾਜ਼ਰੀ ਭਰਦਿਆਂ ਭਗਤੀ ਲਹਿਰ ਦੀ ਵਿਲੱਖਣ ਮਿਸਾਲ ਪੇਸ਼ ਕੀਤੀ।

PunjabKesari

PunjabKesari

2 ਰੋਜ਼ਾ ਇਸ ਆਗਮਨ ਪੁਰਬ ਸਮਾਗਮ ਵਿੱਚ ਪਹਿਲੇ ਦਿਨ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਅੰਮ੍ਰਿਤਬਾਣੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਹੜਾ ਕਿ ਚੀਵੀਦੀਨੋ ਸ਼ਹਿਰ ਦੀ ਪ੍ਰਕਰਮਾਂ ਕਰਦਾ ਹੋਇਆ ਗੁਰਦੁਆਰਾ ਸਾਹਿਬ ਸੰਪੰਨ ਹੋਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਏ ਵਿਸ਼ਾਲ ਨਗਰ ਕੀਰਤਨ ਦੀਆਂ ਸੰਗਤਾਂ ਨੂੰ ਭਾਰਤ ਦੀ ਧਰਤੀ ਤੋਂ ਪਹੁੰਚੇ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਨੇ ਆਪਣੀ ਦਮਦਾਰ ਤੇ ਸ਼ੁਰੀਲੀ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ "ਹਰਿ" ਦੇ ਨਾਮ ਦੀ ਲੋਰ ਵਿੱਚ ਸ਼ਰਧਾ ਤੇ ਸਮਰਪਣ ਦੀ ਲਹਿਰ ਵਿੱਚ ਝੂਮਣ ਲਗਾ ਦਿੱਤਾ। ਇਸ ਨਗਰ ਕੀਰਤਨ ਦੀਆਂ ਹਜ਼ਾਰਾਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਵੰਨ-ਸੁਵੰਨੇ ਅਤੁੱਟ ਲੰਗਰ ਵਰਤਾਏ ਗਏ।

PunjabKesari

PunjabKesari

ਦੂਜੇ ਦਿਨ ਦੇ ਸਜੇ ਵਿਸ਼ਾਲ ਦੀਵਾਨਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਹੋਕਾ ਹਿੱਕ ਦੇ ਜੋ਼ਰ ਨਾਲ ਆਪਣੀ ਬੁਲੰਦ ਤੇ ਮਧੁਰ ਆਵਾਜ਼ ਵਿੱਚ ਦੁਨੀਆ ਦੇ ਕੋਨੇ-ਕੋਨੇ ਵਿੱਚ ਦੇਣ ਵਾਲੇ ਵਿਸ਼ਵ ਦੇ ਪ੍ਰਸਿੱਧ ਲੋਕ ਗਾਇਕ ਜਨਾਬ ਕਲੇਰ ਕੰਠ ਨੇ ਆਪਣੇ ਅਨੇਕਾਂ ਧਾਰਮਿਕ ਗੀਤਾਂ,"ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਂਨੂੰ ਕਿਉਂ ਨਾ ਤਾਰੂ ਬੰਦਿਆਂ, ਮਨ ਸਾਫ਼ ਹੋਵੇ ਨਿੱਤਾਂ ਹੋਣ ਸੱਚੀਆਂ ਸਤਿਗੁਰੂ ਆਪ ਮਿਲਦੇ ਤੇ ਜਦੋਂ ਦੁਨੀਆ ਨੇ ਮੈਥੋਂ ਅੱਖ ਫੇਰੀ ਗੁਰਾਂ ਨੇ ਮੇਰੀ ਬਾਂਹ ਫੜ੍ਹ ਲਈ ਆਦਿ ਨਾਲ ਭਰਵੀਂ ਹਾਜ਼ਰੀ ਲੁਆਈ, ਜਿਨ੍ਹਾਂ ਨੂੰ ਹਾਜ਼ਰੀਨ ਹਜ਼ਾਰਾਂ ਸੰਗਤਾਂ ਨੇ ਇੱਕ ਮਨ ਇੱਕ ਚਿੱਤ ਹੋ ਸੁਣਿਆ। ਇਸ ਮੌਕੇ ਭਗਤੀ ਤੇ ਸ਼ਰਧਾ ਵਿੱਚ ਭਾਵੁਕ ਹੁੰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਜੈਕਾਰੇ" ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ" ਨਾਲ ਸਾਰਾ ਸ਼ਹਿਰ ਬੈਰਗਾਮੋ ਗੂੰਜਣ ਲਗਾ ਦਿੱਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਵਿਸਾਖੀ ਮੌਕੇ ਬ੍ਰਿਟਿਸ਼ ਪਾਰਲੀਮੈਂਟ 'ਚ ਗੁਰਬਾਣੀ ਦੀ ਗੂੰਜ 

2 ਰੋਜ਼ਾ ਮਨਾਏ ਇਸ ਆਗਮਨ ਪੁਰਬ ਲਈ 96 ਆਖੰਡ ਜਾਪਾਂ ਦੀ ਲੜੀ ਦਾ ਪ੍ਰਵਾਹ ਚੱਲਿਆ ਜਿਹੜਾ ਕਿ 7 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਜਿਨ੍ਹਾਂ ਨੂੰ ਨੇਪੜੇ ਚਾੜਨ ਵਿੱਚ ਭਾਈ ਅਮਨਦੀਪ ਕੁਮਾਰ ਮੁੱਖ ਗ੍ਰੰਥ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ ,ਰਜਿੰਦਰ ਸੁਮੰਨ,ਬੀਬੀ ਇਸ਼ਾ ਅਹੀਰ ਤੇ ਬੀਬੀ ਚਰਨਜੀਤ ਕੌਰ ਨੇ ਅਹਿਮ ਸੇਵਾ ਨਿਭਾਈ। ਇਸ ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਉਚੇਚੇ ਤੌਰ 'ਤੇ ਹਰਿ, ਇਟਾਲੀਅਨ ਤੇ ਸਾਂਤੀ ਦੇ ਝੰਡੇ ਵੀ ਚੜਾਏ ਗਏ।ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪੜੇ ਚਾੜਨ ਲਈ ਕੁਲਵਿੰਦਰ ਕੁਮਾਰ ਕਿੰਦਾ ਮੁੱਖ ਸੇਵਾਦਾਰ ਤੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੂਰ-ਦੁਰਾਡੇ ਤੋਂ ਆਈਆਂ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮੂਹ ਸੇਵਾਦਾਰਾਂ ,ਲੋਕ ਗਾਇਕ ਮਾਸ਼ਾ ਅਲੀ ਤੇ ਜਨਾਬ ਕਲੇਰ ਕੰਠ ਦਾ ਵਿਸ਼ੇਸ ਸਨਮਾਨ ਕੀਤਾ। ਇਸ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਵੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News