ਘਿਉ ਦੇ ਵਪਾਰੀ ਨੂੰ ਲੁੱਟਣ ਦੀ ਤਾਕ ''ਚ ਬੈਠੇ 4 ਮੁਲਜ਼ਮ ਗ੍ਰਿਫਤਾਰ, 1 ਫਰਾਰ

Thursday, Mar 08, 2018 - 03:58 AM (IST)

ਬਠਿੰਡਾ(ਸੁਖਵਿੰਦਰ)-ਸੀ. ਆਈ. ਏ. ਸਟਾਫ਼-2 ਵੱਲੋਂ ਘਿਉ ਦੇ ਵਪਾਰੀ ਨੂੰ ਲੁੱਟਣ ਦੀ ਤਾਕ ਵਿਚ ਬੈਠੇ ਲੁੱਟ-ਖੋਹ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ 1 ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਲੁੱਟ-ਖੋਹ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਛਾਉਣੀ ਨਜ਼ਦੀਕ ਰਿੰਗ ਰੋਡ 'ਤੇ ਝਾੜੀਆਂ ਵਿਚ ਛੁਪੇ ਹੋਏ ਹਨ, ਜਿਨ੍ਹਾਂ ਕੋਲ ਵੱਡੀ ਮਾਤਰਾ ਵਿਚ ਤੇਜ਼ਧਾਰ ਹਥਿਆਰ ਵੀ ਮੌਜੂਦ ਹਨ। ਸੂਚਨਾ ਦੇ ਆਧਾਰ 'ਤੇ ਸੀ. ਆਈ. ਏ.-2 ਦੇ ਐੱਸ. ਆਈ. ਜਗਰੂਪ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਰਿੰਗ ਰੋਡ ਨਜ਼ਦੀਕ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਗੁਰਪ੍ਰੀਤ ਸਿੰਘ ਵਾਸੀ ਭੁੱਚੋ, ਗੁਰਸੇਵਕ ਸਿੰਘ ਵਾਸੀ ਕਾਹਨ ਸਿੰਘ ਵਾਲਾ, ਬਲਵਿੰਦਰ ਸਿੰਘ ਵਾਸੀ ਬਾਠ ਅਤੇ ਕੁਲਵਿੰਦਰ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਇਕ ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ, ਜਿਸ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਮੌਕੇ ਤੋਂ 32 ਬੋਰ ਪਿਸਤੌਲ, ਕਾਰਤੂਸ, ਕਾਪਾ, ਰਾਡ, ਲੋਹੇ ਦੀ ਚੈਨ, ਇਕ ਕਾਰ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਕੈਂਟ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਈ ਦਿਨਾਂ ਤੋਂ ਲੁੱਟਣ ਦੀ ਬਣਾ ਰਹੇ ਸਨ ਯੋਜਨਾ : ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਕਤ ਵਪਾਰੀ ਬੀਬੀ ਵਾਲਾ ਰੋਡ 'ਤੇ ਦੇਸੀ ਘਿਉ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਕੈਸ਼ ਜਮ੍ਹਾ ਕਰਵਾਉਣ ਲਈ ਇਕੱਲਾ ਹੀ ਜਾਂਦਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਉਕਤ ਦੇਸੀ ਘਿਉ ਦੇ ਵਪਾਰੀ ਦਾ ਪਿੱਛਾ ਕਰ ਰਹੇ ਹਨ। ਉਨ੍ਹਾਂ ਵੱਲੋਂ ਸ਼ਾਮ ਨੂੰ ਕੈਸ਼ ਲਿਜਾਂਦੇ ਸਮੇਂ ਲੁੱਟਣ ਦੀ ਯੋਜਨਾ ਬਣਾਈ ਗਈ ਸੀ। ਇਸ ਦੌਰਾਨ ਜੇਕਰ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਰਾਤ ਸਮੇਂ ਘਰ ਵਿਚ ਹਮਲਾ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ। ਪਹਿਲਾਂ ਵੀ ਹਨ ਲੁੱਟ-ਖੋਹ ਦੇ ਮਾਮਲੇ ਦਰਜ : ਸੀ. ਆਈ. ਏ.-2 ਦੇ ਇੰਚਾਰਜ ਤਰਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ 20-25 ਸਾਲ ਦੇ ਵਿਚਕਾਰ ਹੈ। 3 ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਮਾਮਲੇ ਦਰਜ ਹਨ, ਜਦਕਿ ਇਕ ਵਿਅਕਤੀ ਪਹਿਲੀ ਵਾਰ ਗਿਰੋਹ ਵਿਚ ਸ਼ਾਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਮੀਦ ਹੈ ਕਿ ਹੋਰ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਖੁਲਾਸਾ ਹੋਵੇਗਾ।


Related News