ਨਰਮੇ ਦੀ ਭਰੀ ਟਰਾਲੀ ਖੋਹਣ ਵਾਲੇ ਆਏ ਪੁਲਸ ਅੜਿੱਕੇ

Saturday, Jan 13, 2018 - 03:14 AM (IST)

ਭੀਖੀ(ਸੰਦੀਪ)-ਥਾਣਾ ਭੀਖੀ ਪੁਲਸ ਨੇ ਪਿੰਡ ਕੋਟੜਾ ਕੋਲ ਟਰੈਕਟਰ ਚਾਲਕ ਨੂੰ ਬੰਧਕ ਬਣਾ ਕੇ ਨਰਮੇ ਦੀ ਭਰੀ ਟਰਾਲੀ ਖੋਹਣ ਵਾਲਿਆਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ 21-22 ਦਸੰਬਰ ਦੀ ਦਰਮਿਆਨੀ ਰਾਤ ਕੁਝ ਕਾਰ ਸਵਾਰ ਵਿਅਕਤੀ ਟਰੈਕਟਰ ਚਾਲਕ ਪ੍ਰਗਟ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ ਨੂੰ ਆਪਣੀ ਕਾਰ 'ਚ ਸੁੱਟ ਕੇ ਨਰਮੇ ਦੀ ਭਰੀ ਟਰਾਲੀ ਸਮੇਤ ਟਰੈਕਟਰ ਖੋਹ ਕੇ ਫਰਾਰ ਹੋ ਗਏ ਸਨ। ਉਸ ਨੂੰ ਪਿੰਡ ਮਹਿਰਾਜ ਦੇ ਖੇਤਾਂ 'ਚੋਂ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਸੀ।
ਇਸ ਮੌਕੇ ਪੀੜਤ ਦੇ ਬਿਆਨਾਂ 'ਤੇ ਨਾ-ਮਾਲੂਮ ਵਿਅਕਤੀਆਂ ਖਿਲਾਫ ਭੀਖੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਥਾਣਾ ਭੀਖੀ ਪੁਲਸ ਨੇ ਇਸ ਘਟਨਾ ਦੀ ਗੁੱਥੀ ਸੁਲਝਾਅ ਕੇ ਤੇਜਵੀਰ ਸਿੰਘ ਉਰਫ ਹਨੀ ਪੁੱਤਰ ਪ੍ਰਦੀਪ ਸਿੰਘ ਵਾਸੀ ਰਾਮਪੁਰਾ, ਮਲਕੀਤ ਸਿੰਘ ਉਰਫ ਬਾਬਾ ਪੁੱਤਰ ਕਰਤਾਰ ਸਿੰਘ ਵਾਸੀ ਮਹਿਰਾਜ, ਗੁਰਜੰਟ ਸਿੰਘ ਉਰਫ ਕਾਲਾ ਪੁੱਤਰ ਸਾਧੂ ਸਿੰਘ ਵਾਸੀ ਰਾਈਆ, ਮਹਿੰਦਰ ਸਿੰਘ ਉਰਫ ਵੱਡਾ ਵਾਸੀ ਰਾਮਪੁਰਾ, ਰਵਿੰਦਰ ਕੁਮਾਰ ਉਰਫ ਗੰਜਾ ਪੁੱਤਰ ਦੇਵੀ ਲਾਲ ਵਾਸੀ ਮਹਿਰਾਜ ਬਸਤੀ ਰਾਮਪੁਰਾ ਅਤੇ ਕੈਪਟਨ ਇੰਦਰਜੀਤ ਸਿੰਘ ਗਿੱਲ ਪੁੱਤਰ ਗੁਰਬਚਨ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨੂੰ ਨਾਮਜ਼ਦ ਕਰ ਕੇ ਮਲਕੀਤ ਸਿੰਘ ਉਰਫ ਬਾਬਾ ਅਤੇ ਤੇਜਵੀਰ ਸਿੰਘ ਉਰਫ ਹਨੀ ਨੂੰ ਘਟਨਾ ਮੌਕੇ ਵਰਤੀ ਫੋਰਡ ਫੀਗੋ ਕਾਰ ਅਤੇ ਟਰੈਕਟਰ-ਟਰਾਲੀ ਸਮੇਤ ਕਾਬੂ ਕਰ ਲਿਆ ਹੈ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।


Related News