ਅਗਵਾ ਨਹੀਂ, ਕਰਮਚਾਰੀ ਨਾਲ ਹੋਈ ਬਹਿਸ ਦਾ ਬਦਲਾ ਲੈਣ ਆਏ ਸਨ ਮੁਲਜ਼ਮ, 3 ਗ੍ਰਿਫਤਾਰ
Wednesday, Sep 20, 2017 - 04:09 AM (IST)

ਜਲੰਧਰ(ਪ੍ਰੀਤ, ਸੁਧੀਰ)- ਬੀਤੀ ਰਾਤ ਸਕਾਰਪੀਓ ਸਵਾਰ ਨਕਾਬਪੋਸ਼ ਨੌਜਵਾਨ ਅਮਰਦਾਸ ਨਗਰ 'ਚ ਬੀਕਾਨੇਰ ਸਵੀਟਸ ਦੇ ਮਾਲਕ ਦੇ ਪੁੱਤਰ ਨੂੰ ਅਗਵਾ ਕਰਨ ਨਹੀਂ, ਬਲਕਿ ਦੁਕਾਨ 'ਚ ਕੰਮ ਕਰ ਰਹੇ ਕਰਮਚਾਰੀ ਨਾਲ ਬਹਿਸਬਾਜ਼ੀ ਦਾ ਬਦਲਾ ਲੈਣ ਆਏ ਸਨ। ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਮੁਲਜ਼ਮ ਕਮਿਸ਼ਨਰੇਟ ਦੇ ਪੀ. ਸੀ. ਆਰ. ਦਸਤੇ ਦਾ ਕਰਮਚਾਰੀ ਹੈ। ਵਾਰਦਾਤ ਵਿਚ ਇਸਤੇਮਾਲ ਕੀਤੀ ਗਈ ਗੱਡੀ ਵੀ ਪੁਲਸ ਕਰਮਚਾਰੀ ਦੀ ਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਸਕਾਰਪੀਓ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਗੁਰੂ ਅਮਰਦਾਸ ਇਲਾਕੇ 'ਚ ਬੀਕਾਨੇਰ ਸਵੀਟਸ 'ਤੇ ਹਮਲਾ ਕੀਤਾ ਸੀ ਤੇ ਹਮਲਾਵਰ ਕੁੱਟਮਾਰ ਕਰਦੇ ਹੋਏ ਫਰਾਰ ਹੋ ਗਏ ਸਨ। ਦੋਸ਼ ਲਾਇਆ ਗਿਆ ਕਿ ਗੱਡੀ ਸਵਾਰ ਨਕਾਬਪੋਸ਼ ਬੀਕਾਨੇਰ ਮਾਲਕ ਦੇ 4 ਸਾਲਾ ਦੇ ਪੁੱਤਰ ਨੂੰ ਅਗਵਾ ਕਰਨ ਆਏ ਹਨ। ਥਾਣਾ ਨੰਬਰ 1 ਦੇ ਇੰਸਪੈਕਟਰ ਨਵਦੀਪ ਸਿੰਘ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ਤੇ ਉਨ੍ਹਾਂ ਦੱਸਿਆ ਕਿ ਜਾਂਚ ਵਿਚ ਪੁਲਸ ਨੂੰ ਨਕਾਬਪੋਸ਼ ਨੌਜਵਾਨਾਂ ਦੀ ਗੱਡੀ ਦਾ ਨੰਬਰ ਪਤਾ ਲੱਗ ਗਿਆ ਹੈ ਤੇ ਮਹਿੰਦਰਾ ਸਕਾਰਪੀਓ ਥਾਣਾ ਨੰ. 1 ਵਿਚ ਤਾਇਨਾਤ ਰਹੇ ਰੀਡਰ ਇੰਦਰਜੀਤ ਸਿੰਘ ਦੀ ਹੈ, ਜਦੋਂ ਇੰਦਰਜੀਤ ਸਿੰਘ ਤੋਂ ਪੁੱਛਗਿੱਛ ਹੋਈ ਤਾਂ ਵਾਰਦਾਤ ਦਾ ਖੁਲਾਸਾ ਹੋਇਆ।
ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਬਚਿੱਤਰ ਸਿੰਘ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਸਲੇਮਪੁਰ ਮੁਸਲਮਾਨਾਂ, ਜਸਵੰਤ ਕੁਮਾਰ ਉਰਫ ਟੋਨੀ ਪੁੱਤਰ ਨਿੰਬੂ ਰਾਮ ਵਾਸੀ ਵੀਨਸ ਵੈਲੀ ਤੇ ਗੁਰਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਜਲੋਟਾ ਦਸੂਹਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਗੁਰਪ੍ਰੀਤ ਸਿੰਘ ਪੀ. ਸੀ. ਆਰ. ਕਰਮਚਾਰੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਬੀਤੀ ਰਾਤ ਬਚਿੱਤਰ ਸਿੰਘ ਦਾ ਜਨਮ ਦਿਨ ਸੀ। ਤਿੰਨੋਂ ਇਕੋ ਥਾਂ 'ਤੇ ਬੈਠੇ ਪਾਰਟੀ ਕਰ ਰਹੇ ਸਨ, ਇਸੇ ਦੌਰਾਨ ਟੋਨੀ ਅਤੇ ਬਚਿੱਤਰ ਦੋਵੇਂ ਬੀਕਾਨੇਰ ਸ਼ਾਪ 'ਤੇ ਦੁੱਧ ਲੈਣ ਗਏ, ਜਿਥੇ ਕੰਮ ਕਰਦੇ ਕਰਮਚਾਰੀਆਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਗਾਲੀ-ਗਲੋਚ ਹੋਈ। ਉਸ ਸਮੇਂ ਦੋਵੇਂ ਵਾਪਸ ਚਲੇ ਗਏ, ਕੁਝ ਦੇਰ ਬਾਅਦ ਤਿੰਨੋਂ ਸਕਾਰਪੀਓ ਵਿਚ ਦੁਬਾਰਾ ਉਥੇ ਆਏ ਅਤੇ ਮੂੰਹ 'ਤੇ ਕੱਪੜੇ ਬੰਨ੍ਹ ਕੇ ਦੁਕਾਨ ਵਿਚ ਵੜੇ ਅਤੇ ਕੁੱਟਮਾਰ ਕੀਤੀ। ਇੰਸਪੈਕਟਰ ਨਵਦੀਪ ਮੁਤਾਬਕ ਮੁਲਜ਼ਮਾਂ ਨੂੰ ਨੌਜਵਾਨ ਦਾ ਨਾਂ ਨਹੀਂ ਪਤਾ ਸੀ, ਬਸ ਇੰਨਾ ਹੀ ਸੀ ਕਿ ਉਸ ਨੇ ਲਾਲ ਸ਼ਰਟ ਪਾਈ ਹੋਈ ਸੀ। ਸਾਰੇ ਲਾਲ ਸ਼ਰਟ ਵਾਲੇ ਨੌਜਵਾਨ ਬਾਰੇ ਪੁੱਛਣ ਲੱਗੇ। ਇਸ ਦੌਰਾਨ ਰੌਲਾ ਪੈ ਗਿਆ ਅਤੇ ਸਾਰੇ ਭੱਜ ਗਏ। ਇੰਸਪੈਕਟਰ ਨਵਦੀਪ ਮੁਤਾਬਕ ਬੱਚੇ ਨੂੰ ਅਗਵਾ ਕਰਨ ਦਾ ਸ਼ੱਕ ਇਸ ਲਈ ਹੋਇਆ ਸੀ ਕਿਉਂਕਿ ਉਸ ਸਮੇਂ ਬੱਚੇ ਨੇ ਵੀ ਲਾਲ ਸ਼ਰਟ ਪਾਈ ਹੋਈ ਸੀ। ਇੰਸਪੈਕਟਰ ਨਵਦੀਪ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਤਿੰਨਾਂ ਖਿਲਾਫ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੀ. ਸੀ. ਆਰ. ਕਰਮਚਾਰੀ ਗੁਰਪ੍ਰੀਤ ਖਿਲਾਫ ਕੇਸ ਦਰਜ ਹੋਣ ਸਬੰਧੀ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ।