ਵੱਡੀ ਖ਼ਬਰ: ਪੰਜਾਬ ਪੁਲਸ ਨੇ ਫਿਰੌਤੀ ਦੇ 10 ਲੱਖ ਲੈਣ ਆਏ ''ਰੰਗਦਾਰ'' ਨੂੰ ਮਾਰੀ ਗੋਲ਼ੀ!
Saturday, Dec 13, 2025 - 02:51 PM (IST)
ਲੁਧਿਆਣਾ (ਰਾਜ)- ਤਾਜਪੁਰ ਰੋਡ ਇਲਾਕੇ ’ਚ ਰੰਗਦਾਰੀ ਦੀ ਰਕਮ ਲੈਣ ਪੁੱਜੇ ਬਦਮਾਸ਼ਾਂ ਅਤੇ ਪੁਲਸ ਵਿਚਕਾਰ ਸ਼ੁੱਕਰਵਾਰ ਨੂੰ ਜ਼ੋਰਦਾਰ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬਦਮਾਸ਼ ਐਡਵਾਂਸ ਵਜੋਂ 10 ਲੱਖ ਰੁਪਏ ਲੈਣ ਆਏ ਸਨ ਪਰ ਪੁਲਸ ਨੇ ਉਥੇ ਪਹਿਲਾਂ ਤੋਂ ਹੀ ਟ੍ਰੈਪ ਲਗਾ ਰੱਖਿਆ ਸੀ। ਬਦਮਾਸ਼ਾਂ ਦੇ ਪੁੱਜਦੇ ਹੀ ਪੁਲਸ ਨੇ ਇਕ ਨੂੰ ਦਬੋਚ ਲਿਆ, ਜਿਸ ਤੋਂ ਬਾਅਦ ਬਦਮਾਸ਼ਾਂ ਅਤੇ ਪੁਲਸ ਦੀ ਝੜਪ ਵੀ ਹੋਈ।
ਸੂਤਰਾਂ ਮੁਤਾਬਕ ਇਸ ਦੌਰਾਨ ਬਦਮਾਸ਼ਾਂ ਨੇ ਪੁਲਸ ਪਾਰਟੀ 'ਤੇ ਫ਼ਾਇਰਿੰਗ ਵੀ ਕਰ ਦਿੱਤੀ। ਪੁਲਸ ਨੇ ਮੁਲਾਜ਼ਮਾਂ ਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ, ਪਰ ਉਨ੍ਹਾਂ ਵੱਲੋਂ ਗੋਲ਼ੀ ਚਲਾਈ ਜਾਣ 'ਤੇ ਪੁਲਸ ਪਾਰਟੀ ਨੇ ਵੀ ਜਵਾਬੀ ਫ਼ਾਇਰਿੰਗ ਕੀਤੀ। ਇਸ ਦੌਰਾਨ ਇਕ ਮੁਲਾਜ਼ਮ ਦੇ ਗੋਲ਼ੀ ਲੱਗੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਕਿਸੇ ਪੁਲਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਹਾਲਾਂਕਿ ਪੁਲਸ 1 ਮੁਲਜ਼ਮ ਨੂੰ ਫੜ ਕੇ ਆਪਣੇ ਨਾਲ ਲੈ ਗਈ ਪਰ ਅਜੇ ਤੱਕ ਕੋਈ ਪੁਲਸ ਅਧਿਕਾਰੀ ਇਸ ਦੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਤਾਜਪੁਰ ਰੋਡ ’ਤੇ ਸਚਿਨ ਦੀ ਜਿਊਲਰੀ ਦੁਕਾਨ ਤੋਂ ਬਦਮਾਸ਼ਾਂ ਨੇ 1 ਕਰੋੜ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਸੀ। ਮੁਲਜ਼ਮਾਂ ਨੇ ਖੁਦ ਨੂੰ ਅਮ੍ਰਿਤ ਦਾਲਮ ਗਰੁੱਪ ਦੇ ਮੈਂਬਰ ਦੱਸਿਆ ਸੀ ਅਤੇ ਰੁਪਏ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰ ਲਿਆ ਸੀ ਅਤੇ ਪੁਲਸ ਲਗਾਤਾਰ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਸੀ।
ਪੁਲਸ ਨੇ ਜਿਊਲਰ ਨੂੰ ਸੁਰੱਖਿਆ ਲਈ ਪੁਲਸ ਮੁਲਾਜ਼ਮ ਵੀ ਦਿੱਤੇ ਹੋਏ ਸਨ। ਹੁਣ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਦਮਾਸ਼ ਅੱਜ ਉਸ ਤੋਂ ਰੰਗਦਾਰੀ ਲੈਣ ਲਈ ਆਏ ਸਨ, ਜਿਥੇ ਪੁਲਸ ਨੇ ਪਹਿਲਾਂ ਹੀ ਟ੍ਰੈਪ ਲਗਾ ਰੱਖਿਆ ਸੀ। ਜਦੋਂ ਮੁਲਜ਼ਮ ਆਏ ਤਾਂ ਪੁਲਸ ਨੇ ਇਕ ਨੂੰ ਦਬੋਚ ਲਿਆ ਅਤੇ ਬਾਕੀ ਮੁਲਜ਼ਮ ਫਰਾਰ ਹੋ ਗਏ। ਪੁਲਸ ਜਲਦ ਪ੍ਰੈੱਸ ਕਾਨਫਰੰਸ ਕਰ ਕੇ ਵੱਡਾ ਖੁਲਾਸਾ ਕਰ ਸਕਦੀ ਹੈ।
