ਪੁਲਸ ਨੇ ਲੁਟੇਰਾ ਗੈਂਗ ਦੇ 5 ਮੈਂਬਰਾਂ ਨੂੰ ਕੀਤਾ ਕਾਬੂ, 2 ਦੀ ਭਾਲ ਜਾਰੀ

07/18/2017 3:47:01 AM

ਬਠਿੰਡਾ(ਬਲਵਿੰਦਰ)-ਬਠਿੰਡਾ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਅਜਿਹੇ ਲੁਟੇਰਾ ਗੈਂਗ ਨੂੰ ਕਾਬੂ ਕੀਤਾ ਹੈ, ਜਿਸ ਨਾਲ ਤਿੰਨ ਵਾਰਦਾਤਾਂ ਦਾ ਹੱਲ ਹੋ ਗਿਆ ਹੈ। ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ 2 ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਲੁੱਟਿਆ ਹੋਇਆ ਸਾਮਾਨ ਤੇ ਵਾਰਦਾਤਾਂ 'ਚ ਵਰਤੇ ਗਏ ਚਾਰ ਮਾਰੂ ਹਥਿਆਰ ਵੀ ਕਾਬੂ ਕੀਤੇ ਗਏ ਹਨ।
ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ
ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਇਲਾਕੇ 'ਚ ਲੁੱਟ-ਖੋਹ ਤੇ ਚੋਰੀ ਦੀਆਂ ਕਈ ਵਾਰਦਾਤਾਂ ਹੋ ਰਹੀਆਂ ਹਨ। ਮੁਲਜ਼ਮਾਂ ਨੂੰ ਫੜਨ ਖਾਤਰ ਇਕ ਵਿਸ਼ੇਸ਼ ਟੀਮ ਬਣਾਈ ਗਈ ਹੈ, ਜਿਸ ਦੀ ਅਗਵਾਈ ਐੱਸ.ਪੀ. ਇਨਵੈਸਟੀਗੇਸ਼ਨ ਬਿਕਰਮਜੀਤ, ਡੀ.ਐੱਸ.ਪੀ. ਇਨਵੈਸਟੀਗੇਸ਼ਨ ਕਰਨਸ਼ੇਰ ਸਿੰਘ ਕਰ ਰਹੇ ਹਨ। ਇਸ ਟੀਮ ਦਾ ਹਿੱਸਾ ਇੰਸਪੈਕਟਰ ਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਨੂੰ ਸੂਚਨਾ ਮਿਲੀ ਕਿ ਰੋਹਿਤ ਵਿਕਟਰ ਉਰਫ ਵਿੱਕੀ ਕ੍ਰਿਸ਼ਚੀਅਨ, ਵਿਜੇ ਕੁਮਾਰ, ਮਨਪ੍ਰੀਤ ਸਿੰਘ ਦੇਸੀ, ਆਸ਼ੂ, ਗੁਰਪ੍ਰੀਤ ਸਿੰਘ ਫੌਜੀ, ਈਸ਼ਵਰ ਦਾਸ ਵਾਸੀਆਨ ਬਠਿੰਡਾ ਅਤੇ ਅਮਿਤ ਕੁਮਾਰ ਵਾਸੀ ਜ਼ੀਰਕਪੁਰ ਨੇ ਮਿਲ ਕੇ ਲੁੱਟ-ਖੋਹ ਆਦਿ ਖਾਤਰ ਜੋ ਗੈਂਗ ਬਣਾਇਆ ਹੋਇਆ ਹੈ, ਉਹ ਅੱਜ ਕਿਸੇ ਵੱਡੀ ਵਾਰਦਾਤ ਦੀ ਫਿਰਾਕ 'ਚ ਹਨ। ਇਹ ਗੈਂਗ ਅੱਜ ਇਕ ਕਾਰ 'ਚ ਬਠਿੰਡਾ ਵਿਚ ਹੀ ਦੇਖਿਆ ਗਿਆ ਹੈ। ਫਿਰ ਪੁਲਸ ਟੀਮ ਨੇ ਸ਼ੱਕੀ ਕਾਰ ਨੰ. ਪੀ.ਬੀ. 03 ਈ.ਪੀ. 8650 ਰੰਗ ਚਿੱਟਾ ਬੀਟ ਨੂੰ ਨਗਰ ਸੁਧਾਰ ਟਰੱਸਟ, ਬਠਿੰਡਾ ਨੇੜੇ ਘੇਰਾ ਪਾ ਲਿਆ, ਜਿਸ 'ਚ ਰੋਹਿਤ ਵਿਕਟਰ, ਈਸ਼ਵਰ ਦਾਸ, ਵਿਜੇ ਕੁਮਾਰ ਤੇ ਮਨਪ੍ਰੀਤ ਸਿੰਘ ਦੇਸੀ  ਸਵਾਰ ਸਨ। ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਬਠਿੰਡਾ ਤੋਂ ਹੀ ਅਮਿਤ ਕੁਮਾਰ ਵਾਸੀ ਜ਼ੀਰਕਪੁਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜੋ ਜ਼ੀਰਕਪੁਰ ਵਿਖੇ ਮੋਬਾਇਲਾਂ ਦਾ ਕੰਮ ਕਰਦਾ ਹੈ ਤੇ ਗੈਂਗ ਦੀ ਲੁੱਟ ਦੇ ਮੋਬਾਇਲ ਆਦਿ ਸਾਮਾਨ ਅੱਗੇ ਵੇਚਦਾ ਹੈ।
ਐੱਸ.ਐੱਸ.ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਜੂਨ ਤੇ ਜੁਲਾਈ 'ਚ ਵਾਪਰੀਆਂ ਤਿੰਨ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ, ਜੋ ਉਕਤ ਗੈਂਗ ਵੱਲੋਂ ਕੀਤੀਆਂ ਗਈਆਂ। ਕਿਹੜਾ ਵਿਅਕਤੀ ਕਿਹੜੀ ਵਾਰਦਾਤ 'ਚ ਸ਼ਾਮਲ ਸੀ, ਬਾਰੇ ਪਤਾ ਲਗਾ ਕੇ ਸਾਰਿਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਜਦੋਂ ਕਿ ਗੁਰਪ੍ਰੀਤ ਸਿੰਘ ਫੌਜੀ ਤੇ ਆਸ਼ੂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਮੀਦ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਫੜੇ ਗਏ ਸਾਰੇ 5 ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
ਬਰਾਮਦ ਹੋਇਆ ਸਾਮਾਨ
ਪੁਲਸ ਨੇ ਉਕਤ ਪਾਸੋਂ 18 ਤੋਲੇ ਸੋਨਾ, ਦੋ ਲੱਖ ਰੁਪਏ ਨਕਦੀ, ਇਕ ਐੱਲ.ਸੀ.ਡੀ., ਇਕ ਲੈਪਟਾਪ, ਦੋ ਮੋਬਾਇਲ, 2500 ਰੁਪਏ ਦੇ ਸਿੱਕੇ ਤੇ 550 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ। ਜਦੋਂ ਕਿ ਵੱਖ-ਵੱਖ ਵਾਰਦਾਤਾਂ 'ਚ ਵਰਤੀ ਗਈ ਬੀਟ ਕਾਰ, ਜੋ ਉਕਤ ਵਿਚੋਂ ਹੀ ਕਿਸੇ ਇਕ ਦੀ ਹੈ, ਇਕ 32 ਬੋਰ ਰਿਵਾਲਵਰ ਸਣੇ 6 ਕਾਰਤੂਸ, ਦੋ 12 ਬੋਰ ਦੇਸੀ ਪਿਸਤੌਲ ਸਣੇ 4 ਕਾਰਤੂਸ, ਇਕ 315 ਬੋਰ ਦੇਸੀ ਪਿਸਤੌਲ ਸਣੇ ਦੋ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। 
ਤਿੰਨ ਵਾਰਦਾਤਾਂ ਦਾ ਹੋਇਆ ਖੁਲਾਸਾ
ਕੋਰੀਅਰ ਦਫ਼ਤਰ 'ਚੋਂ ਲੁੱਟ ਕੀਤੀ
ਗੈਂਗ ਨੇ 5 ਜੂਨ 2017 ਨੂੰ ਮਾਡਲ ਟਾਊਨ 'ਚ ਇਕ ਕੋਰੀਅਰ ਦਫ਼ਤਰ 'ਚੋਂ ਪਿਸਤੌਲ ਦੀ ਨੋਕ 'ਤੇ ਮੈਨੇਜਰ ਪਾਸੋਂ 3.96 ਲੱਖ ਰੁਪਏ ਦੀ ਲੁੱਟ ਕੀਤੀ, ਜਿਸ ਤੋਂ ਬਾਅਦ ਇਹ ਕੁਝ ਦੇਰ ਲਈ ਸੋਲਨ ਵਿਖੇ ਚਲੇ ਗਏ ਤਾਂ ਕਿ ਮਾਮਲਾ ਠੰਡਾ ਹੋਣ ਦੀ ਉਡੀਕ ਕੀਤੀ ਜਾਵੇ। ਜਿਥੇ ਇਹ ਕਿਰਾਏ 'ਤੇ ਕਮਰਾ ਲੈ ਕੇ ਰਹਿੰਦੇ ਸਨ।
ਵਿਸ਼ਵਨਾਥ ਨੂੰ ਗੋਲੀਆਂ ਮਾਰੀਆਂ
ਵਿਸ਼ਵਨਾਥ ਵਾਸੀ ਬਠਿੰਡਾ ਨਾਮਕ ਵਿਅਕਤੀ ਨਾਲ ਵਿੱਕੀ ਦੀ ਰੰਜਿਸ਼ ਸੀ, ਜਿਸ ਨੇ ਉਸ ਦੇ ਦੋਸਤ ਵਿਜੇ ਕੁਮਾਰ ਦੀ ਕੁੱਟਮਾਰ ਕਰ ਦਿੱਤੀ ਸੀ। ਉਸੇ ਕੁੱਟਮਾਰ ਦਾ ਬਦਲਾ ਲੈਣ ਖਾਤਰ ਇਸ ਗੈਂਗ ਨੇ 19 ਜੂਨ 2017 ਨੂੰ ਵਿਸ਼ਵਨਾਥ ਨੂੰ ਰੇਲਵੇ ਸਟੇਸ਼ਨ ਨੇੜੇ ਘੇਰ ਲਿਆ। ਉਸ ਨੂੰ ਗੋਲੀਆਂ ਮਾਰ ਕੇ ਇਹ ਸਾਰੇ ਜ਼ੀਰਕਪੁਰ ਵਿਖੇ ਅਮਿਤ ਕੁਮਾਰ ਕੋਲ ਚਲੇ ਗਏ ਸਨ, ਜਿਥੇ ਕਿਰਾਏ 'ਤੇ ਕਮਰਾ ਲੈ ਕੇ ਰਹਿੰਦੇ ਰਹੇ। 
ਵੀਰ ਕਾਲੋਨੀ 'ਚ ਔਰਤਾਂ ਨੂੰ ਬੰਨ੍ਹ ਕੇ ਕੀਤੀ ਲੁੱਟ
ਵਿੱਕੀ ਕ੍ਰਿਸ਼ਚੀਅਨ ਦੇ ਇਸ ਗੈਂਗ ਨੇ 12 ਜੁਲਾਈ 2017 ਨੂੰ ਸਵੇਰੇ 4 ਵਜੇ ਵੀਰ ਕਾਲੋਨੀ ਵਿਖੇ ਇਕ ਘਰ ਵਿਚ ਦਾਖਲ ਹੋ ਕੇ ਇਕੱਲੀਆਂ ਰਹਿੰਦੀਆਂ ਦੋ ਔਰਤਾਂ ਨੂੰ ਬੰਦੀ ਬਣਾਇਆ ਤੇ ਉਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਸੋਨੇ ਤੇ ਚਾਂਦੀ ਦੇ ਗਹਿਣੇ, ਨਕਦੀ, ਐੱਲ. ਸੀ. ਡੀ., ਲੈਪਟਾਪ, ਮੋਬਾਇਲ ਆਦਿ ਦੀ ਲੁੱਟ ਕਰ ਲਈ।
ਕਿਵੇਂ ਬਣਿਆ ਗੈਂਗ? 
ਗੈਂਗ ਦਾ ਮੁਖੀ ਵਿੱਕੀ ਕ੍ਰਿਸ਼ਚੀਅਨ ਹੈ, ਜੋ ਲੰਬੇ ਸਮੇਂ ਤੋਂ ਜੁਰਮ ਦੀ ਦੁਨੀਆ 'ਚ ਹੈ। ਬਾਕੀ ਸਾਰੇ ਮੈਂਬਰ ਸ਼ਾਦੀਸ਼ੁਦਾ ਤੇ ਪਰਿਵਾਰ ਵਾਲੇ ਹਨ ਪਰ ਮਜ਼ਦੂਰੀ 'ਚ ਪੂਰਾ ਨਹੀਂ ਸਰਦਾ ਸੀ ਤਾਂ ਗਲਤ ਕੰਮਾਂ 'ਚ ਪੈ ਗਏ। ਪਹਿਲਾਂ ਉਹ ਵਿੱਕੀ ਦੇ ਕਹਿਣ 'ਤੇ ਲੜਾਈ-ਝਗੜੇ 'ਚ ਚਲੇ ਜਾਂਦੇ ਸਨ, ਜਦਕਿ ਕਈ ਵਾਰ ਜੂਆ ਖੇਡਦੇ ਵਿਅਕਤੀਆਂ ਨੂੰ ਲੁੱਟ ਲੈਂਦੇ ਸਨ। ਫਿਰ ਵਿੱਕੀ ਇਨ੍ਹਾਂ ਪਾਸੋਂ ਹਰਿਆਣਾ ਦੀ ਸ਼ਰਾਬ ਦੀ ਸਮੱਗਲਿੰਗ ਕਰਵਾਉਂਦਾ ਰਿਹਾ, ਜਿਸ ਬਦਲੇ ਉਹ ਸਭ ਦੇ ਨਸ਼ੇ ਤੇ ਪਰਿਵਾਰ ਦਾ ਖਰਚਾ ਕਰਦਾ ਸੀ।  ਫਿਰ ਵਿੱਕੀ ਨੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਫੌਜੀ ਨੂੰ ਨਾਲ ਮਿਲਾ ਕੇ ਉਸ ਰਾਹੀਂ ਨਾਜਾਇਜ਼ ਅਸਲਾ ਮੁਰਾਦਾਬਾਦ (ਯੂ.ਪੀ.) ਤੋਂ ਮੰਗਵਾ ਲਿਆ, ਜਿਸ ਨੂੰ ਲੁੱਟਾਂ-ਖੋਹਾਂ ਲਈ ਵਰਤਿਆ ਜਾਣ ਲੱਗਾ। ਉਸ ਤੋਂ ਬਾਅਦ ਇਹ ਗੈਂਗ ਇਲਾਕੇ 'ਚ ਲੁੱਟ-ਖੋਹ, ਜਾਨਲੇਵਾ ਹਮਲਾ ਕਰਨ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ, ਜਿਨ੍ਹਾਂ ਵਿਰੁੱਧ ਕਈ ਮਾਮਲੇ ਪਹਿਲਾਂ ਵੀ ਦਰਜ ਹਨ। 


Related News