ਚੋਰੀ ਦੀਆਂ ਗੱਡੀਆਂ ''ਚ ਮੱਝਾਂ ਚੋਰੀ ਕਰਨ ਵਾਲਾ ਗਿਰੋਹ ਦਬੋਚਿਆ

06/23/2017 7:00:21 AM

ਫਿਲੌਰ(ਭਾਖੜੀ)-ਸਥਾਨਕ ਪੁਲਸ ਨੇ ਚੋਰੀ ਕੀਤੀਆਂ ਗੱਡੀਆਂ 'ਚ ਮੱਝਾਂ ਚੋਰੀ ਕਰਨ ਵਾਲੇ ਵੱਡੇ ਗਿਰੋਹ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 1 ਦਰਜਨ ਚੋਰੀ ਦੀਆਂ ਮੱਝਾਂ, ਦੋ ਗੱਡੀਆਂ ਅਤੇ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਗੁਰਪ੍ਰੀਤ ਭੁੱਲਰ ਨੇ ਪੱਤਰਕਾਰ ਸੰਮੇਲਨ ਦੌਰਾਨ ਮੱਝਾਂ ਅਤੇ ਗੱਡੀਆਂ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਵਾਪਸ ਕਰ ਦਿੱਤੀਆਂ। ਅੱਜ ਪਿੰਡ ਮੌ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਪੱਤਰਕਾਰ ਸੰਮੇਲਨ ਦਾ ਆਯੋਜਨ ਕਰ ਕੇ ਐੱਸ. ਐੱਸ. ਪੀ. ਜਲੰਧਰ ਗੁਰਪ੍ਰੀਤ ਭੁੱਲਰ, ਐੱਸ. ਪੀ. ਰਜਿੰਦਰ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਪੁਲਸ ਦੇ ਥਾਣਾ ਇੰਚਾਰਜ ਓਂਕਾਰ ਸਿੰਘ ਬਰਾੜ ਦੀ ਅਗਵਾਈ 'ਚ ਪੁਲਸ ਟੀਮ ਨੇ ਲੋਕਾਂ ਦੀਆਂ ਕੀਮਤੀ ਮੱਝਾਂ ਚੋਰੀ ਕਰ ਕੇ ਉਨ੍ਹਾਂ ਨੂੰ ਅੱਗੇ ਸਸਤੇ ਮੁੱਲ 'ਚ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਮੱਝਾਂ ਨੂੰ ਲੈ ਕੇ ਜਾਂਦੀਆਂ ਪਿਕਅਪ ਗੱਡੀਆਂ ਨੂੰ ਲੁੱਟ ਲੈਂਦੇ ਸਨ। ਭੁੱਲਰ ਨੇ ਦੱਸਿਆ ਕਿ ਇਹ ਲੁਟੇਰੇ ਇੰਨੇ ਚਲਾਕ ਸਨ ਕਿ ਇਨ੍ਹਾਂ ਦੀ ਗੈਂਗ ਦੇ ਲੋਕ ਪਹਿਲਾਂ ਪਿੰਡਾਂ ਤੇ ਸ਼ਹਿਰਾਂ 'ਚ ਪੈਦਲ ਘੁੰਮ ਕੇ ਜ਼ਿਆਦਾ ਦੁੱਧ ਦੇਣ ਵਾਲੀਆਂ ਕੀਮਤੀ ਮੱਝਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ, ਜਿਨ੍ਹਾਂ ਦੇ ਮਾਲਕ ਆਪਣੀ ਮੱਝ ਨੂੰ ਘਰ ਦੇ ਤਬੇਲੇ 'ਚ ਬੰਨ੍ਹ ਕੇ ਰੱਖਦੇ ਸਨ। ਮੱਝਾਂ ਨੂੰ ਪਹਿਲਾਂ ਚੋਰੀ-ਛੁਪੇ ਨਸ਼ੀਲਾ ਟੀਕਾ ਲਾ ਦਿੰਦੇ ਸਨ, ਜਿਸ 'ਤੇ ਮੱਝਾਂ ਸ਼ਾਂਤ ਹੋ ਜਾਂਦੀਆਂ ਸਨ ਅਤੇ ਉਨ੍ਹਾਂ ਨੂੰ ਗੱਡੀਆਂ 'ਚ ਲੱਦ ਕੇ ਲੈ ਜਾਂਦੇ ਸਨ। ਗਿਰੋਹ ਕੋਲੋਂ ਫੜੀਆਂ ਗਈਆਂ ਮੱਝਾਂ ਦੀ ਕੀਮਤ 20 ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਹਲਕਾ ਨਿਵਾਸੀਆਂ ਨੇ ਇਸ ਕਾਰਵਾਈ ਲਈ ਪੁਲਸ ਦੀ ਪ੍ਰਸ਼ੰਸਾ ਕੀਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਲੁਟੇਰੇ ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਥਾਣਾ ਸ਼ਹੀਦ ਭਗਤ ਸਿੰਘ ਨਗਰ, ਮੁਹੰਮਦ ਸਫੀ ਬਿੱਲਾ ਵਾਸੀ ਥਾਣਾ ਪਾਇਲ, ਨੇਕ ਮੁਹੰਮਦ ਵਾਸੀ ਥਾਣਾ ਸੰਗਰੂਰ, ਮੋਨੂੰ ਥਾਣਾ ਪਾਇਲ, ਗਾਮਾ ਵਾਸੀ ਥਾਣਾ ਮੁਕੇਰੀਆਂ ਦੇ ਵਿਰੁੱਧ ਧਾਰਾ 379, 411 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।


Related News