ਪਾਰਕਾਂ ਦੇ ਬਾਹਰ ਖੜ੍ਹੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ

05/06/2024 1:08:07 PM

ਲੁਧਿਆਣਾ (ਰਾਮ) : ਥਾਣਾ ਡਵੀਜ਼ਨ ਨੰਬਰ-7 ਪੁਲਸ ਨੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਰਜਨ ਪੁੱਤਰ ਸੋਹਣ ਲਾਲ ਨਿਵਾਸੀ ਭਾਮੀਆਂ ਕਲਾਂ, ਕਮਲ ਗਲਹੋਤਰਾ ਪੁੱਤਰ ਪਰਮੋਦ ਨਿਵਾਸੀ ਸੰਜੇ ਗਾਂਧੀ ਕਾਲੋਨੀ ਤਾਜਪੁਰ ਰੋਡ, ਸੰਤੋਖ ਸਿੰਘ ਪੁੱਤਰ ਬੁੱਧ ਸਿੰਘ ਨਿਵਾਸੀ ਪਿੰਡ ਗਿੱਲ ਅਤੇ ਅੰਕੁਸ਼ ਪੁੱਤਰ ਮਨੋਜ ਕੁਮਾਰ ਨਿਵਾਸੀ 33 ਫੁੱਟਾ ਰੋਡ ਦੇ ਰੂਪ ’ਚ ਹੋਈ ਹੈ।

ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਦੇਸੀ ਪਿਸਤੌਲ, 29 ਕਾਰਤੂਸ, 5 ਵਾਹਨ ਅਤੇ 5 ਆਰ. ਸੀਜ਼ ਬਰਾਮਦ ਕੀਤੀਆਂ ਹਨ। ਇਸ ਮਾਮਲੇ ’ਚ ਪੁਲਸ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਏ. ਸੀ. ਪੀ. 4 ਅਸ਼ੋਕ ਕੁਮਾਰ ਅਤੇ ਡਵੀਜ਼ਨ ਨੰਬਰ-7 ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ 3 ਮਈ ਨੂੰ ਸੈਕਟਰ-32 ’ਚ ਵੈਸ਼ਨੂ ਧਾਮ ਕੋਲ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਕਿ ਅਰਜਨ ਅਤੇ ਕਮਲ ਨੇ ਮਿਲ ਕੇ ਚੋਰ ਗਿਰੋਹ ਬਣਾਇਆ ਹੋਇਆ ਹੈ। ਦੋਵੇਂ ਪਾਰਕਾਂ ਦੇ ਬਾਹਰ ਖੜ੍ਹੇ ਐਕਟਿਵਾ ਅਤੇ ਮੋਟਰਸਾਈਕਲ ਚੋਰੀ ਕਰ ਲੈਂਦੇ ਹਨ। ਇਸ ਸਮੇਂ ਸਕੂਲ ਦੇ ਬਾਹਰ ਪਾਰਕ ਕੋਲ ਖੜ੍ਹੇ ਚੋਰੀ ਕਰ ਰਹੇ ਹਨ। ਇਸ ’ਤੇ ਪੁਲਸ ਨੇ ਛਾਪੇਮਾਰੀ ਕਰਕੇ ਦੋਹਾਂ ਨੂੰ ਕਾਬੂ ਕਰ ਲਿਆ।

ਪੁੱਛਗਿੱਛ ’ਚ ਪਤਾ ਲੱਗਾ ਕਿ ਦੋਵੇਂ ਹੀ ਮੁਲਜ਼ਮ ਹੁਣ ਤੱਕ ਵੱਡੀ ਗਿਣਤੀ ’ਚ ਵਾਹਨ ਚੋਰੀ ਕਰ ਚੁੱਕੇ ਹਨ। ਮੁਲਜ਼ਮ ਸਸਤੇ ’ਚ ਵਾਹਨ ਵੇਚ ਦਿੰਦੇ ਸਨ। ਅਰਜਨ ਨੂੰ ਜਦੋਂ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੀ ਭੈਣ ਦੇ ਘਰ ਬਿਨਾਂ ਦੱਸੇ ਉਸ ਦੇ ਬੈੱਡ ’ਚ ਪਿਸਤੌਲ ਛੁਪਾ ਰੱਖਿਆ ਸੀ। ਇਸ ’ਤੇ ਪੁਲਸ ’ਚ ਆਰਮਜ਼ ਐਕਟ ਅਧੀਨ ਧਾਰਾ ਵਧਾਈ ਹੈ। ਉੱਥੇ ਸੰਜੇ ਗਾਂਧੀ ਕਾਲੋਨੀ ਦੇ ਬਾਹਰ ਨਾਕਾਬੰਦੀ ਕਰ ਕੇ ਕਮਲ ਨੂੰ ਚੋਰੀ ਕੀਤੀ ਐਕਟਿਵਾ ਸਮੇਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਮੰਨਿਆ ਕਿ ਚੋਰੀ ਦੇ ਮੋਟਰਸਾਈਕਲ ਜਲੰਧਰ ਅਤੇ ਐਕਟਿਵਾ ਪਠਾਨਕੋਟ ’ਚ ਵੇਚ ਦਿੰਦੇ ਸਨ। ਪੁਲਸ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਖਿਲਾਫ ਥਾਣਾ ਡਵੀਜ਼ਨ ਨੰਬਰ-7 ਵਿਚ ਪਹਿਲਾਂ ਤੋਂ ਹੀ ਕੇਸ ਦਰਜ ਹਨ।
 


Babita

Content Editor

Related News