ਬਲਾਚੌਰ ਵਿਖੇ ਇਕੋ ਰਾਤ ਦੋ ਘਰਾਂ ’ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ

Sunday, May 12, 2024 - 04:52 PM (IST)

ਬਲਾਚੌਰ/ਪੋਜੇਵਾਲ (ਕਟਾਰੀਆ)- ਬਲਾਚੌਰ ਬਲਾਕ ਦੇ ਪਿੰਡ ਫਿਰਨੀ ਮਜਾਰਾ ਵਿਖੇ ਪਿਛਲੀ ਰਾਤ ਆਣਪਛਾਤੇ ਚੋਰਾਂ ਵੱਲੋਂ ਇਕੋ ਰਾਤ ਦੋ ਘਰਾਂ ਵਿਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਮਨਜੀਤ ਸਿੰਘ ਪੁੱਤਰ ਬੂਝਾ ਸਿੰਘ ਪਿੰਡ ਫਿਰਨੀ ਮਜਾਰਾ ਨੇ ਦੱਸਿਆ ਕਿ ਤਿੰਨ ਕੁ ਵਜੇ ਕੁਝ ਅਣਪਛਾਤੇ ਚੋਰਾਂ ਵੱਲੋਂ ਘਰ ਦੇ ਪਿਛਲੇ ਪਾਸਿਓਂ ਦੀ ਦਾਖ਼ਲ ਹੋ ਕੇ ਤਾਕੀ ਦੀ ਗ੍ਰਿਲ ਦੇ ਸਰੀਏ ਪੁੱਟ ਕੇ ਘਰ ਦੇ ਅੰਦਰੋਂ ਇਕ ਲੱਖ ਦਸ ਹਜ਼ਾਰ ਦੀ ਨਕਦੀ, ਇਕ ਸੋਨੇ ਦੀ ਮੁੰਦਰੀ, ਦੋ ਟੋਪਸ ਕੰਨਾਂ ਵਾਲੇ, ਦੋ ਜੋੜੇ ਝਾਂਜਰ ਚਾਂਦੀ ਦੇ, ਦੋ ਚਾਂਦੀ ਦੇ ਕੜੇ, ਤਿੰਨ ਪਰਸ ਅਤੇ ਇਕ ਬਟੂਆ ਚੋਰੀ ਕਰ ਲਏ ਗਏ ਹਨ। 

ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਇਸ ਘਟਨਾ ਨੂੰ ਇੰਨੀ ਸਫ਼ਾਈ ਨਾਲ ਅੰਜਾਮ ਦਿੱਤਾ ਗਿਆ ਕਿ ਘਰ ਵਿੱਚ ਮੌਜੂਦ ਬਾਕੀ ਸਾਰੇ ਮੈਂਬਰਾਂ ਨੂੰ ਕੰਨੋ ਕੰਨੀ ਕੁਝ ਵੀ ਭਿਣਕ ਨਹੀਂ ਪਈ। ਉਨ੍ਹਾਂ ਦੱਸਿਆ ਕਿ ਕੁਲ ਮਿਲਾ ਕੇ ਨਕਦੀ ਸਮੇਤ ਲਗਭਗ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਲਖਵੀਰ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਫਿਰਨੀ ਮਜਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਦੀ ਸਵੇਰ ਤੜਕਸਾਰ ਮੌਕੇ ਹੀ ਅਣਪਛਾਤੇ ਚੋਰਾਂ ਵਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰ ਘਰ ਦੇ ਪਿਛਲੇ ਪਾਸਿਓਂ ਦਾਖਲ ਹੋਏ ਅਤੇ ਇਕ ਕਮਰੇ ਦੀ ਗ੍ਰਿਲ ਪੁੱਟ ਕੇ ਉਸ ਅੰਦਰ ਪਏ ਟਰੰਕ ਨੂੰ ਬਾਹਰ ਕੱਢ ਕੇ ਪਸ਼ੂਆਂ ਵਾਲੇ ਬਾੜੇ ਵਿਚ ਲਿਜਾ ਕੇ ਨਕਦੀ ਅਤੇ ਗਹਿਣੇ ਚੋਰੀ ਕੀਤੇ ਗਏ ਹਨ ਅਤੇ ਇਸੇ ਤਰਾਂ ਹੀ ਦੂਜੇ ਕਮਰੇ ਦੀ ਵੀ ਗਰਿਲ ਪੁੱਟ ਕੇ ਡਬਲ ਬੈਡ ਦੀ ਢੋਅ ਵਿਚ ਪਈ ਨਕਦੀ ਵੀ ਚੋਰੀ ਕਰਨ ਨੂੰ ਅੰਜਾਮ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਲਗਜ਼ਰੀ ਗੱਡੀਆਂ ਤੇ ਟਰੱਕ ਸਣੇ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਉਨ੍ਹਾਂ ਦੱਸਿਆ ਕਿ ਲਗਭਗ ਤਿੰਨ ਲੱਖ ਰੁਪਏ ਦੀ ਨਕਦੀ, ਦੋ ਸੋਨੇ ਦੇ ਪੂਰੇ ਸੈਟ, ਦੋ ਵਾਲੀਆਂ, ਇਕ ਛੱਲਾ, ਇਕ ਮੁੰਦਰੀ ਸਮੇਤ ਲਗਭਗ 15-16 ਤੋਲੇ ਸੋਨਾ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ ਲਗਭਗ 15 ਲੱਖ ਰੁਪਏ ਦੇ ਕਰੀਬ ਚੋਰਾਂ ਵਲੋਂ ਨੁਕਸਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰ ਵਿੱਚ ਰੱਖੇ ਗਏ ਪਾਲਤੂ ਕੁੱਤੇ ਨੂੰ ਵੀ ਚੋਰਾਂ ਵਲੋਂ ਕੋਈ ਐਸੀ ਵਸਤੂ ਖਲਾਈ ਗਈ ਜਿਸ ਕਾਰਨ ਉਸ ਨੂੰ ਦੋ ਦਿਨ ਹੋਸ਼ ਨਹੀਂ ਆਇਆ। ਜਿਸ ਸਮੇਂ ਉਕਤ ਚੋਰਾਂ ਵਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਪਰਿਵਾਰ ਦੇ ਮੈਂਬਰ ਆਪਣੇ ਆਪਣੇ ਕਮਰਿਆਂ ਵਿਚ ਹੀ ਸੌਂ ਰਹੇ ਸਨ ਪ੍ਰੰਤੂ ਸ਼ਾਤਰ ਦਿਮਾਗ ਚੋਰਾਂ ਨੇ ਉਨ੍ਹਾਂ ਨੂੰ ਭੋਰਾ ਵੀ ਭਿਣਕ ਨਾ ਲੱਗਣ ਦਿੱਤੀ। ਪੀੜਿਤ ਦੋਨਾਂ ਪਰਿਵਾਰਾਂ ਵਲੋਂ ਇਸ ਘਟਨਾ ਸਬੰਧੀ ਥਾਣਾ ਬਲਾਚੌਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ, ਜਿਸ 'ਤੇ ਪੁਲਸ ਨੇ ਮੋਕਾ ਵੇਖ ਕੇ ਵੱਖ-ਵੱਖ ਪਹਿਲੂਆਂ ਤੋਂ ਇਨ੍ਹਾਂ ਘਟਨਾਵਾਂ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਨਾਂ ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਗਲਤ ਅਨਸਰਾਂ ਨੂੰ ਛੇਤੀ ਤੋਂ ਛੇਤੀ ਕਾਬੂ ਕਰਕੇ ਸਾਡਾ ਚੋਰੀ ਕੀਤਾ ਹੋਇਆ ਸਮਾਨ ਸਾਨੂੰ ਵਾਪਸ ਦਵਾਇਆ ਜਾਵੇ ਅਤੇ ਕਥਿਤ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਵੇਲੇ ਵੀ ਕੁਝ ਅਣਪਛਾਤੇ ਵਿਅਕਤੀ ਫਿਰਨੀ ਮਜਾਰਾ ਤੋਂ ਬਛੋੜੀ ਨੂੰ ਜਾਂਦੀ ਲਿੰਕ ਰੋਡ 'ਤੇ ਸਥਿਤ ਤੇਲਾ ਸਿੰਘ ਪੁੱਤਰ ਕਰਮ ਸਿੰਘ ਦੇ ਬਾਹਰਵਾਰ ਬਣੇ ਘਰ ਵਿਚ ਵੀ ਦਾਖ਼ਲ ਹੋਏ ਸਨ, ਜਿਨ੍ਹਾਂ ਦੇ ਸਾਮਾਨ ਦਾ ਖਿਲਾਰਾ ਪਾਇਆ ਗਿਆ ਪਰ ਉਨ੍ਹਾਂ ਨੂੰ ਚੋਰੀ ਕਰਨ ਵਾਲਾ ਕੀਮਤੀ ਸਮਾਨ ਕੁਝ ਨਹੀਂ ਮਿਲਿਆ। ਇਸ ਤੋਂ ਇਲਾਵਾ ਪਿੰਡ ਧੌਲ ਵਿਖੇ ਵੀ ਬੀਤੀ ਰਾਤ ਲਗਭਗ ਚਾਰ ਅਣਪਛਾਤੇ ਵਿਅਕਤੀ ਸੁੱਚਾ ਸਿੰਘ ਦੇ ਗ੍ਰਹਿ ਵਿਖੇ ਦਾਖਲ ਹੋਏ ਜਿਨਾਂ ਨੂੰ ਪਰਿਵਾਰਕ ਮੈਂਬਰਾਂ ਨੇ ਵੇਖ ਲਿਆ ਅਤੇ ਰੌਲਾ ਪੈਣ ਉਪਰੰਤ ਉਹ ਵਿਅਕਤੀ ਭੱਜਣ ਵਿਚ ਸਫ਼ਲ ਹੋ ਗਏ। 

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਯੈਲੋ ਅਲਰਟ' ਜਾਰੀ, ਚੱਲਣਗੀਆਂ ਤੇਜ਼ ਹਵਾਵਾਂ ਤੇ ਹੋਵੇਗੀ ਬਾਰਿਸ਼

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਸਮੁੱਚੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਜਿੱਥੇ ਰਾਤ ਦੀ ਗਸ਼ਤ ਵਧਾਈ ਜਾਵੇ ਉੱਥੇ ਪਿੰਡਾਂ ਵਿਚ ਠੀਕਰੀ ਪਹਿਰੇ ਵੀ ਲਗਾਏ ਜਾਣ। ਇਸ ਮੌਕੇ ਸਤਬੀਰ ਸਿੰਘ ਪ੍ਰਧਾਨ, ਰੇਸ਼ਮ ਸਿੰਘ, ਕੁਲਵਿੰਦਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ। ਇਸ ਸਬੰਧੀ ਜਦੋਂ ਡੀ ਐਸ ਪੀ ਸ਼ਾਮ ਸੁੰਦਰ ਬਲਾਚੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਚੋਰੀ ਦੀਆਂ ਵਾਰਦਾਤਾਂ ਸਬੰਧੀ ਪੁਲਸ ਬਹੁਤ ਹੀ ਮੁਸਤੈਦੀ ਨਾਲ ਛਾਣਬੀਣ ਕਰ ਰਹੀ ਹੈ, ਜਿਹੜੇ ਵੀ ਤੱਥ ਸਾਹਮਣੇ ਆਏ ਉਨ੍ਹਾਂ ਦੇ ਆਧਾਰਤ ਸਖਤ ਤੋਂ ਸਖਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਜਦੋਂ ਇਸ ਸਬੰਧੀ ਡੀ. ਐੱਸ. ਪੀ. ਸ਼ਾਮ ਸੁੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲਸ ਵੱਲੋਂ ਵਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅਮਰੀਕੀ ਰੈਸਟੋਰੈਂਟ 'ਚ ਕਰਮਚਾਰੀ ਦਾ ਸ਼ਰਮਨਾਕ ਕਾਰਾ, ਗੁਪਤ ਅੰਗ ਨਾਲ ਦੂਸ਼ਿਤ ਕਰਕੇ ਭੋਜਨ 140 ਲੋਕਾਂ ਨੂੰ ਪਰੋਸਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News