ਲੁੱਟਾਂ-ਖੋਹਾਂ ਕਰਨ ਵਾਲੀ ਸੰਨੀ ਤੇ ਵੀਰੂ ਦੀ ਜੋੜੀ ਕਾਬੂ

Tuesday, Jun 20, 2017 - 02:09 AM (IST)

ਬਠਿੰਡਾ(ਬਲਵਿੰਦਰ)-ਇਲਾਕੇ 'ਚ ਰਿਵਾਲਵਰ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੀ ਸੰਨੀ ਤੇ ਵੀਰੂ ਦੀ ਜੋੜੀ ਨੂੰ ਅੱਜ ਪੁਲਸ ਨੇ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਇਕ ਰਿਵਾਲਵਰ ਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋੜੀ ਨੇ ਪੁਲਸ ਦੇ ਨੱਕ 'ਚ ਦਮ ਕਰ ਰੱਖਿਆ ਸੀ ਕਿਉਂਕਿ ਵਾਰਦਾਤਾਂ ਲਗਾਤਾਰ ਜਾਰੀ ਸਨ ਤੇ ਪੁਲਸ ਹੱਥ ਕੁਝ ਲੱਗ ਨਹੀਂ ਸੀ ਰਿਹਾ। ਅੱਜ ਇਥੇ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਲੁੱਟਾਂ-ਖੋਹਾਂ ਤੇ ਝਪਟਮਾਰੀ ਦੀਆਂ ਸ਼ਹਿਰ 'ਚ 8 ਘਟਨਾਵਾਂ ਵਾਪਰ ਚੁੱਕੀਆਂ ਸਨ, ਜਿਨ੍ਹਾਂ ਨੂੰ ਸੰਨੀ ਤੇ ਵੀਰੂ ਨੇ ਹੀ ਅੰਜਾਮ ਦਿੱਤਾ। ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਖਾਤਰ ਗਿਰੋਹ ਬਣਾਏ ਜਾਣ ਦੀ ਸੂਚਨਾ ਦੇ ਆਧਾਰ 'ਤੇ ਉਕਤ ਦੋਵਾਂ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰ. 127 ਧਾਰਾ 379 ਬੀ., 411, 34 ਅਧੀਨ ਦਰਜ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਕਾਬੂ ਕਰਨਾ ਜ਼ਰੂਰੀ ਹੋ ਗਿਆ ਸੀ। ਇਸ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਦੀ ਅਗਵਾਈ ਐੱਸ. ਪੀ. ਸਿਟੀ ਬਲਰਾਜ ਸਿੰਘ ਸਿੱਧੂ, ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਤੇ ਇੰਸਪੈਕਟਰ ਕੁਲਦੀਪ ਸਿੰਘ ਮੁਖੀ ਥਾਣਾ ਸਿਵਲ ਲਾਈਨ ਕਰ ਰਹੇ ਸਨ। ਇਸੇ ਦੌਰਾਨ ਅਧਿਕਾਰੀਆਂ ਦੀ ਹਦਾਇਤ 'ਤੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੀ ਟੀਮ ਨੇ ਗੁਰੂ ਤੇਗ ਬਹਾਦਰ ਨਗਰ ਵਿਚ ਘੇਰਾਬੰਦੀ ਕਰ ਕੇ ਸੰਦੀਪ ਕੁਮਾਰ ਸੰਨੀ ਵਾਸੀ ਹੰਸ ਨਗਰ ਬਠਿੰਡਾ ਅਤੇ ਵੀਰ ਸਿੰਘ ਵੀਰੂ ਵਾਸੀ ਭੁੱਚੋ ਕਲਾਂ ਨੂੰ ਕਾਬੂ ਕਰ ਲਿਆ, ਜੋ ਮੋਟਰਸਾਈਕਲ (ਪੀ. ਬੀ. 03 ਏ. ਜੀ. 4385) 'ਤੇ ਸਵਾਰ ਸਨ। ਬਰਾਮਦਗੀ
ਮੁਲਜ਼ਮਾਂ ਕੋਲੋਂ ਉਕਤ ਵਾਰਦਾਤਾਂ 'ਚ ਖੋਹਿਆ ਗਿਆ ਸਾਰਾ ਸਾਮਾਨ ਬਰਾਮਦ ਕਰ ਲਿਆ ਗਿਆ ਪਰ ਜੋ ਨਕਦੀ ਕਰੀਬ 4 ਲੱਖ ਰੁਪਏ ਇਨ੍ਹਾਂ ਨੇ ਕਈ ਥਾਵਾਂ ਤੋਂ ਲੁੱਟੀ ਸੀ, ਉਹ ਬਰਾਮਦ ਨਹੀਂ ਹੋ ਸਕੀ ਕਿਉਂਕਿ ਮੁਲਜ਼ਮ ਉਹ ਸਾਰਾ ਪੈਸਾ ਖਰਚ ਕਰ ਚੁੱਕੇ ਸਨ।
ਨਸ਼ਿਆਂ ਤੇ ਅਨਪੜ੍ਹਤਾ ਨੇ ਮੁਲਜ਼ਮ ਬਣਾਇਆ
ਐੱਸ. ਐੱਸ. ਪੀ. ਨੇ ਦੱਸਿਆ ਕਿ ਸੰਨੀ 8 ਜਮਾਤਾਂ ਅਤੇ ਵੀਰੂ ਸਿਰਫ 3 ਜਮਾਤਾਂ ਤੱਕ ਹੀ ਪੜ੍ਹਿਆ, ਜੋ ਅਨਪੜ੍ਹਾਂ ਵਾਂਗ ਹੀ ਹਨ, ਜਦਕਿ ਇਹ ਦੋਵੇਂ ਨਸ਼ੇੜੀ ਵੀ ਹਨ। ਨਸ਼ਿਆਂ ਅਤੇ ਅਨਪੜ੍ਹਤਾ ਨੇ ਇਨ੍ਹਾਂ ਨੂੰ ਮੁਲਜ਼ਮ ਬਣਾ ਦਿੱਤਾ। ਨਸ਼ਿਆਂ ਅਤੇ ਐਸ਼ੋ ਅਰਾਮ ਖਾਤਰ ਬਹੁਤ ਜ਼ਿਆਦਾ ਪੈਸਾ ਕਮਾਉਣ ਲਈ ਹੀ ਇਨ੍ਹਾਂ ਦੋਵਾਂ ਨੇ ਜੁਰਮ ਦਾ ਰਾਹ ਫੜਿਆ। ਉਕਤ 8 ਮੁਕੱਦਮੇ ਇਨ੍ਹਾਂ ਦੋਵਾਂ ਵਿਰੁੱਧ ਹੀ ਦਰਜ ਹਨ।
ਪੀ. ਸੀ. ਆਰ. ਦੀਆਂ 10 ਟੀਮਾਂ ਵਧਾਈਆਂ
ਲੁੱਟਾਂ-ਖੋਹਾਂ ਕਰਨ ਵਾਲੇ ਤੇ ਝਪਟਮਾਰਾਂ ਨੂੰ ਕਾਬੂ ਕਰਨ ਲਈ ਪੀ. ਸੀ. ਆਰ. ਦੀਆਂ 10 ਟੀਮਾਂ ਵਧਾਈਆਂ ਗਈਆਂ, ਜੋ ਹੁਣ 25 ਹੋ ਗਈਆਂ।
ਇਹ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਗਸ਼ਤ ਕਰਦੀਆਂ ਹਨ। ਹੈਲਪ ਲਾਈਨ ਨੰ. 100 'ਤੇ ਫੋਨ ਕਰਨ ਦੇ ਤੁਰੰਤ ਬਾਅਦ ਸਬੰਧਤ ਟੀਮ ਮੌਕੇ 'ਤੇ ਪਹੁੰਚ ਜਾਂਦੀ ਹੈ। ਉਮੀਦ ਹੈ ਕਿ ਇਨ੍ਹਾਂ ਘਟਨਾਵਾਂ 'ਚ ਕਮੀ ਆਵੇਗੀ।


Related News