ਐਂਟੀ ਪਾਵਰ ਥੈਫਟ ਪੁਲਸ ਵੱਲੋਂ ਬਿਜਲੀ ਚੋਰ ਦਬੋਚਣ ਹਿੱਤ ਛਾਪੇਮਾਰੀ

Thursday, Aug 03, 2017 - 06:02 AM (IST)

ਐਂਟੀ ਪਾਵਰ ਥੈਫਟ ਪੁਲਸ ਵੱਲੋਂ ਬਿਜਲੀ ਚੋਰ ਦਬੋਚਣ ਹਿੱਤ ਛਾਪੇਮਾਰੀ

ਲੁਧਿਆਣਾ,   (ਸਲੂਜਾ)-  ਬਿਜਲੀ ਚੋਰੀ ਕਰਨ ਦੇ ਜੁਰਮ ਵਿਚ ਪਾਏ ਗਏ ਜੁਰਮਾਨੇ ਦੀ ਅਦਾਇਗੀ ਨਾ ਕਰਨ ਵਾਲੇ ਬਿਜਲੀ ਖਪਤਕਾਰਾਂ ਖਿਲਾਫ ਐਂਟੀ ਪਾਵਰ ਥੈਫਟ ਪੁਲਸ ਵੱਲੋਂ ਲਗਾਤਾਰ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਦਬੋਚਣ ਹਿੱਤ ਜ਼ਿਲੇ ਭਰ ਵਿਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਸ ਸਟੇਸ਼ਨ ਦੇ ਮੁਖੀ ਇੰਸ. ਕੁਲਵੰਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੀ ਲੱਖਾ ਡਵੀਜ਼ਨ ਦੇ ਅਧੀਨ ਪੈਂਦੇ ਪਿੰਡ ਗਾਗੇਵਾਲ ਦੇ ਬਿਜਲੀ ਖਪਤਕਾਰ ਗੁਰਪ੍ਰੀਤ ਸਿੰਘ ਨੂੰ ਬਿਜਲੀ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਨੇ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਹੋਏ ਬੇਨਕਾਬ ਕੀਤਾ ਅਤੇ ਇਸ ਨੂੰ ਬਿਜਲੀ ਚੋਰੀ ਕਰਨ ਦੇ ਜੁਰਮ ਵਿਚ 61,722 ਰੁਪਏ ਦੀ ਪਨੈਲਟੀ ਦਾ ਨੋਟਿਸ ਭੇਜਿਆ ਪਰ ਇਹ ਜੁਰਮਾਨੇ ਦੀ ਅਦਾਇਗੀ ਕਰਨ ਦੀ ਜਗ੍ਹਾ ਟਾਲਮਟੋਲ ਕਰਨ ਲੱਗਾ ਤਾਂ ਪਾਵਰਕਾਮ ਦੀ ਸ਼ਿਕਾਇਤ 'ਤੇ ਇਸ ਦੇ ਖਿਲਾਫ ਬਿਜਲੀ ਚੋਰੀ ਦਾ ਕੇਸ ਦਰਜ ਕਰ ਕੇ ਗ੍ਰਿਫਤਾਰੀ ਹਿੱਤ ਛਾਪੇਮਾਰੀ ਕੀਤੀ ਗਈ ਪਰ ਇਹ ਪੁਲਸ ਦੇ ਕਾਬੂ ਨਹੀਂ ਆਇਆ।
ਅੱਜ ਸਵੇਰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਦੀ ਅਗਵਾਈ ਵਾਲੀ ਐੱਸ. ਆਈ. ਹਰਦਿਆਲ ਸਿੰਘ, ਜਗਰੂਪ ਸਿੰਘ ਅਤੇ ਏ. ਐੱਸ. ਆਈ. ਮਨਮੋਹਨ ਲਾਲ ਦੀ ਟੀਮ ਨੇ ਰੇਡ ਕਰ ਕੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ। ਇੰਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇਕ ਹੋਰ ਬਿਜਲੀ ਚੋਰੀ ਦੇ ਕੇਸ ਵਿਚ ਪਿਛਲੇ ਕਈ ਮਹੀਨਿਆਂ ਤੋਂ ਪੁਲਸ ਤੋਂ ਬਚਦੇ ਆ ਰਹੇ ਸਥਾਨਕ ਬਾਜੜਾ ਕਾਲੋਨੀ ਦੇ ਜਤਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕਥਿਤ ਦੋਸ਼ੀ ਨੂੰ ਵੀ ਪਾਵਰਕਾਮ ਨੇ ਬਿਜਲੀ ਚੋਰੀ ਕਰਨ ਦੇ ਦੋਸ਼ ਵਿਚ 1 ਲੱਖ 32 ਹਜ਼ਾਰ 235 ਰੁਪਏ ਦੀ ਪਨੈਲਟੀ ਲਾਈ ਸੀ। ਇਸ ਨੇ ਇਹ ਮਾਮਲਾ ਵਿਭਾਗ ਦੀ ਝਗੜਾ ਨਿਪਟਾਰਾ ਕਮੇਟੀ ਵਿਚ ਲਾ ਦਿੱਤਾ ਸੀ। ਇਸ ਵਿਚ ਜੁਰਮਾਨੇ ਦੀ ਰਕਮ ਅੱਧੀ ਦੇ ਕਰੀਬ ਰਹਿ ਗਈ ਸੀ ਪਰ ਇਸ ਨੇ ਫਿਰ ਵੀ ਪਨੈਲਟੀ ਅਦਾ ਨਹੀਂ ਕੀਤੀ ਤਾਂ ਪੁਲਸ ਨੇ ਦਰਜ ਹੋਏ ਬਿਜਲੀ ਚੋਰੀ ਦੇ ਕੇਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ। ਉਨ੍ਹਾਂ ਦੱਸਿਆ ਕਿ ਦੋਵੇਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਤਹਿਤ ਜੇਲ ਭੇਜਣ ਦੇ ਆਰਡਰ ਜਾਰੀ ਕਰ ਦਿੱਤੇ।


Related News