ਆਂਗਣਵਾੜੀ ਯੂਨੀਅਨ ਨੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ-ਪੱਤਰ

Friday, Jan 05, 2018 - 03:46 PM (IST)

ਆਂਗਣਵਾੜੀ ਯੂਨੀਅਨ ਨੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ-ਪੱਤਰ


ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ, ਦਰਦੀ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਇਕ ਵਫ਼ਦ ਵੱਲੋਂ ਅੱਜ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਮਲਕੀਤ ਸਿੰਘ ਨੂੰ ਇਕ ਮੰਗ-ਪੱਤਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ 3 ਤੋਂ 6 ਸਾਲ ਤੱਕ ਦੇ ਬੱਚੇ, ਜੋ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰ ਲਏ ਗਏ ਸਨ, ਨੂੰ ਆਂਗਣਵਾੜੀ ਸੈਂਟਰਾਂ ਵਿਚ ਭੇਜਿਆ ਜਾਵੇ। 
ਉਨ੍ਹਾਂ ਨੇ ਜ਼ਿਲਾ ਸਿੱਖਿਆ ਅਫ਼ਸਰ ਦੇ ਧਿਆਨ 'ਚ ਲਿਆਂਦਾ ਕਿ 26 ਨਵੰਬਰ, 2017 ਨੂੰ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਾਂਝੀਆਂ ਹਦਾਇਤਾਂ ਮੁਤਾਬਕ ਕਿਹਾ ਗਿਆ ਸੀ ਕਿ 3 ਤੋਂ 6 ਸਾਲ ਤੱਕ ਦੇ ਬੱਚੇ ਆਂਗਣਵਾੜੀ ਵਰਕਰਾਂ ਦੀ ਦੇਖ-ਰੇਖ ਹੇਠ ਰਹਿਣਗੇ ਅਤੇ ਇਨ੍ਹਾਂ ਬੱਚਿਆਂ ਨੂੰ ਇਕ ਘੰਟਾ ਅਧਿਆਪਕ ਜਾ ਕੇ ਪੜ੍ਹਾਏਗਾ। ਇਸ ਲਈ ਜਥੇਬੰਦੀ ਦੀ ਮੰਗ ਹੈ ਕਿ ਸਾਰੇ ਬੱਚੇ ਸੈਂਟਰਾਂ ਵਿਚ ਵਾਪਸ ਭੇਜੇ ਜਾਣ। ਇਸ ਸਮੇਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਅੰਮ੍ਰਿਤਪਾਲ ਕੌਰ ਥਾਂਦੇਵਾਲਾ, ਮਧੂ ਬਾਲਾ, ਗਗਨ ਮੱਲ੍ਹਣ, ਗਿਆਨ ਕੌਰ ਦੂਹੇਵਾਲਾ ਆਦਿ ਆਗੂ ਮੌਜੂਦ ਸਨ। 


Related News