ਇੰਟਰਨੈੱਟ ਨੇ ਬਦਲੀ ਨੌਜਵਾਨ ਦੀ ਕਿਸਮਤ, ਮਿਲੀ ਸਕਾਲਰਸ਼ਿਪ

Sunday, Nov 17, 2019 - 02:18 PM (IST)

ਇੰਟਰਨੈੱਟ ਨੇ ਬਦਲੀ ਨੌਜਵਾਨ ਦੀ ਕਿਸਮਤ, ਮਿਲੀ ਸਕਾਲਰਸ਼ਿਪ

ਅੰਮ੍ਰਿਤਸਰ, ਗੁਰਦਾਸਪੁਰ : ਬੇਸ਼ੱਕ ਅਜੋਕੇ ਦੌਰ 'ਚ ਇੰਟਰਨੈੱਟ ਅਤੇ ਮੋਬਾਇਲ ਦੀ ਵਰਤੋਂ ਨੌਜਵਾਨਾਂ ਲਈ ਸ਼ਰਾਪ ਸਿੱਧ ਹੋ ਰਹੀ ਹੈ ਪਰ ਦੂਜੇ ਪਾਸੇ ਏਹੀ ਇੰਟਰਨੈੱਟ ਗੁਰਦਾਸਪੁਰ ਜ਼ਿਲੇ ਦੇ ਇਕ ਪੱਛੜੇ ਹੋਏ ਸਰਹੱਦੀ ਪਿੰਡ ਦੇ ਗਰੀਬ ਲੜਕੇ ਦੀ ਸੂਝ-ਬੂਝ ਅਤੇ ਸਿਆਣਪ ਸਦਕਾ ਵਰਦਾਨ ਸਿੱਧ ਹੋਇਆ ਹੈ। ਇਸ ਤਹਿਤ ਭਾਰਤ ਦੇ ਸਮਾਜਕ ਨਿਆ ਅਤੇ ਸਸ਼ਕਤੀਕਰਨ ਵਿਭਾਗ ਨੇ ਇਸ ਹੋਣਹਾਰ ਨੌਜਵਾਨ ਨੂੰ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਸਕੀਮ ਤਹਿਤ ਉੱਚ ਪੱਧਰੀ ਸਿੱਖਿਆ ਲਈ ਕਰੀਬ ਸਵਾ ਕਰੋੜ ਰੁਪਏ ਦੀ ਵਜ਼ੀਫਾ ਰਾਸ਼ੀ ਜਾਰੀ ਕੀਤੀ ਹੈ।

ਇਸ ਸਬੰਧੀ ਨੇੜਲੇ ਪਿੰਡ ਤੁੰਗ ਦੇ ਵਸਨੀਕ ਸੁਰਿੰਦਰ ਪਾਲ ਨੇ ਦੱਸਿਆ ਕਿ ਉਸ ਨੇ ਮਲੋਟ ਤੋਂ ਬੀ. ਟੈੱਕ ਪਾਸ ਕਰਨ ਦੇ ਬਾਅਦ ਗੇਟ ਦਾ ਇਮਤਿਹਾਨ ਪਾਸ ਕੀਤਾ ਸੀ ਅਤੇ ਉਸ ਨੇ ਚੰਗੇ ਨੰਬਰ ਲੈ ਕੇ ਐੱਮ. ਟੈੱਕ ਦੀ ਪੜ੍ਹਾਈ ਲਈ ਵਜ਼ੀਫਾ ਹਾਸਲ ਕੀਤਾ। ਉਪਰੰਤ ਐੱਮ. ਟੈੱਕ 'ਚੋਂ ਵੀ ਉਸ ਨੇ ਸਖ਼ਤ ਮਿਹਨਤ ਕਰ ਕੇ ਗੋਲਡ ਮੈਡਲ ਹਾਸਲ ਕੀਤਾ ਪਰ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਣ ਉਹ ਇਸ ਤੋਂ ਅੱਗੇ ਉਚੇਰੀ ਪੜ੍ਹਾਈ ਨਹੀਂ ਕਰ ਸਕਿਆ ਕਿਉਂਕਿ ਉਸ ਦਾ ਪਿਤਾ ਪ੍ਰਾਈਵੇਟ ਕੰਮ ਕਰਦਾ ਹੈ ਜਦਕਿ ਉਸ ਦੀ ਮਾਤਾ ਇਕ ਮਿਡ-ਡੇ ਮੀਲ ਵਰਕਰ ਹੈ। ਉਸ ਨੇ ਦੱਸਿਆ ਕਿ ਉਹ ਹਮੇਸ਼ਾ ਵਿਦੇਸ਼ ਜਾ ਕੇ ਹੋਰ ਪੜ੍ਹਾਈ ਕਰਨਾ ਚਾਹੁੰਦਾ ਸੀ ਪਰ ਇਹ ਸ਼ੌਂਕ ਪੂਰਾ ਨਹੀਂ ਹੋ ਸਕਿਆ ਅਤੇ ਹੁਣ ਉਹ ਇਕ ਪ੍ਰਾਈਵੇਟ ਸੈਂਟਰ 'ਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹੈ। ਕਿਸੇ ਨੇ ਉਸ ਨੂੰ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਐੱਸ. ਸੀ. ਐੱਸ. ਟੀ. ਅਤੇ ਓ. ਬੀ. ਸੀ. ਵਰਗਾਂ ਦੇ ਹੋਣਹਾਰ ਨੌਜਵਾਨਾਂ ਨੂੰ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਬਾਅਦ ਉਸ ਨੇ ਇੰਟਰਨੈੱਟ ਰਾਹੀਂ ਜਾਣਾਕਰੀ ਹਾਸਲ ਕੀਤੀ ਸੀ ਅਤੇ ਕਰੀਬ 2 ਸਾਲ ਪਹਿਲਾਂ ਉਸ ਨੇ ਵਜ਼ੀਫੇ ਲਈ ਅਪਲਾਈ ਕੀਤਾ ਸੀ।

ਸੁਰਿੰਦਰ ਪਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਹਰੇਕ ਸਾਲ ਪੂਰੇ ਦੇਸ਼ 'ਚ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਸਕੀਮ ਤਹਿਤ 90 ਵਿਦਿਆਰਥੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਜਿਸ ਸਬੰਧੀ ਜਾਣਕਾਰੀ ਹਾਸਲ ਕਰ ਕੇ ਉਸ ਨੇ 2017 'ਚ ਅਪਲਾਈ ਕੀਤਾ ਸੀ, ਜਿਸ 'ਚ ਉਸ ਦੀ ਯੋਗਤਾ ਦੇ ਆਧਾਰ 'ਤੇ ਚੋਣ ਹੋਈ ਹੈ। ਇਸ ਚੋਣ ਦੇ ਆਧਾਰ 'ਤੇ ਵਿਭਾਗ ਨੇ ਉਸ ਨੂੰ 1 ਕਰੋੜ 17 ਲੱਖ 56 ਹਜ਼ਾਰ 352 ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ, ਜਿਸ ਨਾਲ ਉਹ ਵਿਦੇਸ਼ ਜਾ ਕੇ ਪੀ. ਐੱਚ. ਡੀ. ਕਰੇਗਾ।


author

Baljeet Kaur

Content Editor

Related News