75 ਲੱਖ ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ ਬਣਾਇਆ ਜਾਵੇਗਾ : ਢਿੱਲੋਂ
Tuesday, Jun 15, 2021 - 03:39 PM (IST)
ਮਾਛੀਵਾੜਾ ਸਾਹਿਬ (ਟੱਕਰ) : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਸਮਰਾਲਾ ਰੋਡ ਵਿਖੇ 75 ਲੱਖ ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ ਬਣਾਇਆ ਜਾਵੇਗਾ ਤਾਂ ਜੋ ਇਸ ਸ਼ਹਿਰ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮਾਛੀਵਾੜਾ ਬਲਾਕ ਸੰਮਤੀ ਨੂੰ ਸਰਕਾਰ ਵੱਲੋਂ 25 ਲੱਖ ਰੁਪਏ ਦੀ ਗ੍ਰਾਂਟ ਭੇਜੀ ਜਾਵੇਗੀ ਅਤੇ ਇਸ ਤੋਂ ਇਲਾਵਾ ਬਾਕੀ 50 ਲੱਖ ਰੁਪਏ ਹੋਰਨਾਂ ਸਰਕਾਰੀ ਵਿਭਾਗਾਂ ਤੋਂ ਗ੍ਰਾਂਟ ਲੈ ਕੇ ਕੁੱਲ 75 ਲੱਖ ਰੁਪਏ ਨਾਲ ਇਸ ਦਾ ਨਿਰਮਾਣ ਅਗਸਤ ਮਹੀਨੇ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯਾਦਗਾਰੀ ਗੇਟ ਦੇ ਨਿਰਮਾਣ ਸਬੰਧੀ ਲੋਕ ਨਿਰਮਾਣ ਵਿਭਾਗ ਵੱਲੋਂ ਪ੍ਰਵਾਨਗੀ ਮਿਲ ਗਈ ਹੈ, ਜੋ ਪਿੰਡ ਗੜ੍ਹੀ ਤਰਖਾਣਾ ਪੰਚਾਇਤ ਦੀ ਦੇਖ-ਰੇਖ ਹੇਠ ਬਣਾਇਆ ਜਾਵੇਗਾ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸ ਯਾਦਗਾਰੀ ਗੇਟ ਦੇ ਨਿਰਮਾਣ ਸਬੰਧੀ ਡਿਜ਼ਾਇਨ ਵੀ ਤਿਆਰ ਕਰ ਲਏ ਗਏ ਹਨ ਅਤੇ ਸਮਰਾਲਾ ਰੋਡ ’ਤੇ ਸਰਹਿੰਦ ਨਹਿਰ ਤੋਂ ਪਹਿਲਾਂ ਇਹ 85 ਫੁੱਟ ਚੌੜਾ ਗੇਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੇਟ ਦਾ ਨਾਮ ਗੁਰੂ ਸਾਹਿਬ ਦੇ ਸੇਵਾਦਾਰ ਭਾਈ ਗਨੀ ਖਾਂ ਨਬੀ ਖਾਂ ਦੀ ਯਾਦ ਵਿਚ ਉਸਾਰਿਆ ਜਾਵੇਗਾ।
ਹਲਕਾ ਸਮਰਾਲਾ ’ਚ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਪ੍ਰਤੀ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਮਾਛੀਵਾੜਾ ਸ਼ਹਿਰ ਤੋਂ ਇਲਾਵਾ ਪਿੰਡਾਂ ਦੇ ਪ੍ਰਮੁੱਖ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਆਰੰਭੀ ਜਾਵੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਪੀਏ ਰਾਜੇਸ਼ ਬਿੱਟੂ, ਟਰੱਕ ਯੂਨੀਅਨ ਪ੍ਰਧਾਨ ਜਸਦੇਵ ਸਿੰਘ ਬਿੱਟੂ, ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਰਾਣਵਾਂ, ਪਰਮਿੰਦਰ ਸਿੰਘ ਨੋਨਾ, ਬੇਅੰਤ ਸਿੰਘ, ਅਸ਼ੋਕ ਕੁਮਾਰ ਜੋਧਵਾਲ ਆਦਿ ਵੀ ਮੌਜੂਦ ਸਨ।