ਐਮਾਜ਼ੋਨ ਕੰਪਨੀ ਨੇ ਹੁਣ ਕੀਤਾ ਗੋਲਡਨ ਟੈਂਪਲ ਸ਼ਬਦ ਦਾ ਅਪਮਾਨ
Friday, Jun 07, 2019 - 09:55 AM (IST)

ਜਲੰਧਰ (ਬੁਲੰਦ) - ਐਮਾਜ਼ੋਨ ਵੈੱਬਸਾਈਟ ਵਲੋਂ ਹਿੰਦੂ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪਹਿਲਾਂ ਦਰਬਾਰ ਸਾਹਿਬ ਅਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ ਸੀ ਹੁਣ ਨਵੇਂ ਮਾਮਲੇ 'ਚ ਇਸ ਵੈੱਬਸਾਈਟ 'ਤੇ 'ਦਿ ਗੋਲਡਨ ਟੈਂਪਲ' ਸ਼ਬਦ ਦੀ ਗਲਤ ਢੰਗ ਨਾਲ ਵਰਤੋਂ ਕੀਤੇ ਜਾਣ ਦੀ ਸ਼ਿਕਾਇਤ ਜੌਲੀ ਸੂਦਿੰਗ ਇਰਾ ਫਾਊਂਡੇਸ਼ਨ ਦੇ ਵਕੀਲਾਂ ਤੇ ਮੈਂਬਰਾਂ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਡੀ. ਸੀ. ਦਫਤਰ 'ਚ ਦਿੱਤੀ ਹੈ।ਸ਼ਿਕਾਇਤ ਦਿੰਦੇ ਸਮੇਂ ਐੱਡ. ਡੀ. ਪੀ. ਐੈੱਸ. ਲੁਬਾਣਾ, ਐੱਡ. ਹਰਸ਼ ਝਾਂਜੀ, ਵਿਨੀਸ਼ ਮੱਟੂ, ਐੱਮ. ਐੈੱਸ. ਪਰਮਾਰ ਨੇ ਸੀ. ਪੀ. ਨੂੰ ਦੱਸਿਆ ਕਿ ਐਮਾਜ਼ੋਨ ਵੈੱਬਸਾਈਟ 'ਤੇ ਦਿ ਗੋਲਡਨ ਟੈਂਪਲ-ਏ ਵੂਮੈਨ ਟੈਰਰ ਲੇਖਕ ਜੇ. ਈ. ਫ੍ਰੈਂਕਸ-ਬੇਲਗ੍ਰੇਵ ਦੀ ਕਿਤਾਬ ਵੇਚੀ ਜਾ ਰਹੀ ਹੈ। ਇਸ ਕਿਤਾਬ 'ਚ ਪੁਰਸ਼ ਔਰਤਾਂ 'ਚ ਸੰਭੋਗ ਤੇ ਹੋਰ ਨਿੱਜੀ ਸਬੰਧਾਂ ਸਬੰਧੀ ਮਹਿਲਾ ਦੇ ਗਰਭਵਤੀ ਹੋਣ ਦੇ ਸਾਰੇ ਪੜਾਅ ਬਾਰੇ ਦੱਸਿਆ ਗਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਐਮਾਜ਼ੋਨ 'ਤੇ ਇਹ ਕਿਤਾਬ 449 ਰੁਪਏ 'ਚ ਵੇਚੀ ਜਾ ਰਹੀ ਹੈ। ਐਮਾਜ਼ੋਨ ਵਾਲੇ ਇਹ ਸਭ ਕੁਝ ਜਾਣਬੁੱਝ ਕੇ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਹਿੰਦੂਆਂ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਚੀਜਾਂ ਜੇਕਰ ਵੈੱਬਸਾਈਟ 'ਤੇ ਵੇਚਣ ਲਈ ਪਾਈਆਂ ਜਾਣ ਤਾਂ ਲੋਕ ਜ਼ਿਆਦਾ ਤੋਂ ਜ਼ਿਆਦਾ ਇਸ ਵੈੱਬਸਾਈਟ ਨੂੰ ਦੇਖਣਗੇ ਤੇ ਇਸ ਨਾਲ ਵੈੱਬਸਾਈਟ ਦੀ ਟੀ. ਆਰ. ਪੀ. ਵਧੇਗੀ। ਸ਼ਿਕਾਇਤਕਰਤਾ ਨੇ ਮੰਗ ਕੀਤੀ ਕਿ ਇਸ ਵੈੱਬਸਾਈਟ 'ਤੇ ਤੁਰੰਤ ਪਾਬੰਦੀ ਲਾਈ ਜਾਵੇ ਤੇ ਗੋਲਡਨ ਟੈਂਪਲ ਕਿਤਾਬ ਦੇ ਲੇਖਕ ਤੇ ਵੈੱਬਸਾਈਟ ਦੇ ਸੰਚਾਲਕ 'ਤੇ ਕੇਸ ਦਰਜ ਕਰਕੇ ਉਨ੍ਹਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਲਾਈ ਜਾਵੇ। ਇਸ ਮੌਕੇ ਪ੍ਰਦੀਪ ਸ਼ਰਮਾ ਤੇ ਰਜਿੰਦਰ ਸ਼ਰਮਾ ਵੀ ਮੌਜੂਦ ਸਨ।