ਪਿਆਕੜਾਂ ਦੇ ਪੂਰੇ ਨਾ ਹੋਏ ਖੁਆਬ, ਨਹੀਂ ਮਿਲੀ ਸਸਤੀ ਦਾਰੂ
Monday, Apr 01, 2019 - 03:54 PM (IST)
ਲੁਧਿਆਣਾ (ਸੇਠੀ) : 1 ਅਪ੍ਰੈਲ ਤੋਂ ਨਵੇਂ ਠੇਕੇਦਾਰ ਆਪਣੀਆਂ ਦੁਕਾਨਾਂ ਖੋਲ੍ਹਣਗੇ ਪਰ ਹਰ ਸਾਲ ਵਾਂਗ ਇਸ ਸਾਲ 31 ਮਾਰਚ ਨੂੰ ਸ਼ਰਾਬ ਜ਼ਿਆਦਾ ਘੱਟ ਰੇਟਾਂ 'ਤੇ ਨਹੀਂ ਵਿਕੀ, ਜਿਸ ਦੇ ਪਿੱਛੇ ਨਵੰਬਰ ਤੇ ਦਸੰਬਰ 'ਚ ਹੀ ਕੋਟੇ 'ਚ ਗਿਰਾਵਟ ਹੋਣਾ ਦੱਸਿਆ ਜਾ ਰਿਹਾ ਹੈ। ਸ਼ੌਕੀਨਾਂ ਨੇ ਘੱਟ ਰੇਟ ਦੇਖਦੇ ਹੋਏ ਆਪਣੀ ਸਮਰਥਾ ਤੋਂ ਜ਼ਿਆਦਾ ਪੇਟੀਆਂ ਐਤਵਾਰ ਨੂੰ ਠੇਕੇ ਤੋਂ ਚੁੱਕੀਆਂ। ਜ਼ਿਕਰਯੋਗ ਹੈ ਕਿ ਸਾਲ 2018-19 'ਚ 827 ਕਰੋੜ ਦਾ ਕਰ ਮਿਲਿਆ ਹੈ ਅਤੇ ਸਰਕਾਰ ਨੇ ਇਸ ਸਾਲ ਦਾ ਕਰ ਟਾਰਗੈੱਟ 944 ਕਰੋੜ ਰੱਖਿਆ ਹੈ, ਜਦੋਂਕਿ ਨਵੀਂ ਪਾਰੀ 'ਚ 1 ਅਪ੍ਰੈਲ ਤੋਂ ਇੰਨੇ ਹੀ ਸ਼ਰਾਬ ਦੇ ਠੇਕਿਆਂ 'ਤੇ ਦਰਜਨ ਭਰ ਨਵੇਂ ਤੇ ਪੁਰਾਣੇ ਠੇਕੇਦਾਰਾਂ ਦਾ ਕਬਜ਼ਾ ਹੋ ਜਾਵੇਗਾ। ਇਸ ਵਾਰ ਵਿਭਾਗ ਨੇ 98 ਗਰੁੱਪਾਂ 'ਚ ਲੁਧਿਆਣਾ ਕਾਰਪੋਰੇਸ਼ਨ ਨੂੰ ਵੰਡਿਆ ਹੈ, ਜਦੋਂਕਿ ਪੇਂਡੂ ਖੇਤਰ 'ਚ 51 ਗਰੁੱਪ ਵੀ ਜ਼ਿਲਾ ਲੁਧਿਆਣਾ ਦਾ ਹੀ ਹਿੱਸਾ ਹਨ। ਸਾਲ 2019-20 ਲਈ ਨਵੇਂ ਤੇ ਪੁਰਾਣੇ ਲਾਇਸੈਂਸੀਆਂ ਨੇ ਉਤਸ਼ਾਹ ਦਿਖਾਇਆ ਹੈ। ਸ਼ਾਮ ਢਲਦੇ ਹੀ ਸ਼ਰਾਬ ਦੇ ਸ਼ੌਕੀਨਾਂ ਦਾ ਜਮਾਵੜਾ ਠੇਕਿਆਂ ਦੇ ਬਾਹਰ ਲੱਗ ਗਿਆ ਤੇ ਸ਼ਰਾਬ ਖਰੀਦਣ ਲਈ ਹਰ ਉਮਰ ਦਾ ਵਿਅਕਤੀ ਠੇਕੇ 'ਤੇ ਨਜ਼ਰ ਆਇਆ। ਕੁਝ ਤਾਂ ਸਸਤੀ ਦੀ ਖੁਸ਼ੀ 'ਚ ਸੜਕ 'ਤੇ ਹੀ ਪੀ ਕੇ ਟੁੰਨ ਹੋ ਗਏ, ਜਦੋਂਕਿ ਕੁਝ ਦਾ ਲਿਜਾਂਦੇ ਸਮੇਂ ਜ਼ਿਆਦਾ ਮਾਤਰਾ 'ਚ ਬੋਤਲਾਂ ਹੋਣ ਕਾਰਨ ਟੁੱਟ ਜਾਣ 'ਤੇ ਨੁਕਸਾਨ ਵੀ ਹੋਇਆ।
ਕੀ ਹੈ ਕਾਨੂੰਨ
ਐਕਸਾਈਜ਼ ਪਾਲਿਸੀ ਮੁਤਾਬਕ ਪ੍ਰਤੀ ਵਿਅਕਤੀ ਸ਼ਰਾਬ ਦੇ ਠੇਕੇ ਤੋਂ ਕੇਵਲ ਇਕ ਬੋਤਲ ਹੀ ਖਰੀਦ ਸਕਦਾ ਹੈ ਪਰ ਐੱਲ.50-1 ਲਾਇਸੈਂਸ ਹੋਣ ਦੀ ਸੂਰਤ 'ਚ 2 ਪੇਟੀਆਂ ਸ਼ਰਾਬ ਅਤੇ 4 ਪੇਟੀਆਂ ਬੀਅਰ ਦੀਆਂ ਇਕੱਠੀਆਂ ਖਰੀਦੀਆਂ ਜਾ ਸਕਦੀਆਂ ਹਨ ਪਰ ਐਤਵਾਰ ਨੂੰ ਸ਼ਰਾਬ ਦੇ ਸ਼ੌਕੀਨ ਦਰਜਨਾਂ ਦੇ ਲਗਭਗ ਪੇਟੀਆਂ ਲਿਜਾ ਰਹੇ ਸਨ, ਜਦੋਂਕਿ ਵਿਭਾਗ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਬਾਜ਼ਾਰ 'ਚ ਸਰਗਰਮ ਹਨ ਤੇ ਉਨ੍ਹਾਂ ਨੇ ਸਾਰੇ ਠੇਕਿਆਂ 'ਤੇ ਤਿੱਖੀ ਨਜ਼ਰ ਬਣਾਈ ਹੋਈ ਹੈ। ਸਵਾਲ ਹੈ ਕਿ ਜ਼ਿਲਾ ਲੁਧਿਆਣਾ 'ਚ ਜਿੰਨੇ ਠੇਕੇ ਹਨ ਇੰਨਾ ਸਟਾਫ ਤਾਂ ਆਬਕਾਰੀ ਵਿਭਾਗ ਦੇ ਕੋਲ ਰਾਜ ਭਰ 'ਚ ਵੀ ਨਹੀਂ ਹੈ। ਇਹੀ ਕਾਰਨ ਹੈ ਕਿ ਲੋਕ ਇਸ ਗੱਲ ਦਾ ਫਾਇਦਾ ਚੁੱਕ ਰਹੇ ਹਨ।
ਸ਼ਰਾਬ ਸਸਤੀ ਨਾ ਮਿਲਣ ਪਿੱਛੇ ਦਾ ਸੱਚ
ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਸ਼ਰਾਬ ਘੱਟ ਸਸਤੀ ਮਿਲੀ ਹੈ, ਜਿਸ ਦੇ ਪਿੱਛੇ ਦਾ ਕਾਰਨ ਠੇਕੇਦਾਰ ਨਵੇਂ ਕੋਟੇ, ਵਧ ਰਹੇ ਸ਼ਰਾਬ ਦੇ ਰੇਟਾਂ ਜਾਂ ਵਧੀ ਹੋਈ ਸ਼ਰਾਬ 'ਤੇ ਐਕਸਾਈਜ਼ ਡਿਊਟੀ ਤੋਂ ਡਰ ਗਏ ਹਨ, ਜਿਸ ਕਾਰਨ ਠੇਕੇਦਾਰਾਂ ਨੇ ਹੁਸ਼ਿਆਰੀ ਦਿਖਾਉਂਦੇ ਹੋਏ, ਸ਼ਰਾਬ ਸਸਤੇ ਰੇਟਾਂ 'ਤੇ ਨਹੀਂ ਵੇਚੀ। ਵਰਨਣਯੋਗ ਹੈ ਕਿ ਠੇਕੇਦਾਰ ਬਚੇ ਹੋਏ ਸਟਾਕ ਨੂੰ ਅਗਲੇ ਸਾਲ ਕੈਰੀ ਫਾਰਵਡ ਕਰ ਕੇ ਵਧੀ ਹੋਈ ਡਿਊਟੀ ਤੋਂ ਬਚਣਾ ਚਾਹੁੰਦੇ ਹਨ ਪਰ ਠੇਕੇਦਾਰ ਇਸ ਗੱਲ ਤੋਂ ਅਣਜਾਣ ਹਨ ਕਿ ਵਿਭਾਗ ਐਤਵਾਰ ਦੇਰ ਰਾਤ ਠੇਕਿਆਂ 'ਤੇ ਗਸ਼ਤ ਲਾ ਕੇ ਬਕਾਇਆ ਸਟਾਕ ਚੈੱਕ ਕਰੇਗਾ, ਜਦੋਂਕਿ ਵਿਭਾਗ ਬਚੇ ਹੋਏ ਕੋਟੇ ਨੂੰ ਵਾਧੂ ਕੋਟੋ ਦੇ ਤੌਰ 'ਤੇ ਕੈਰੀ ਫਾਰਵਡ ਕਰੇਗਾ, ਜਿਸ 'ਚ ਵਿਭਾਗ 30 ਰੁਪਏ ਪ੍ਰਤੀ ਪਰੂਫ ਲਿਟਰ ਦੇਸੀ 'ਤੇ, 40 ਰੁਪਏ ਪ੍ਰਤੀ ਪਰੂਫ ਲਿਟਰ ਅੰਗਰੇਜ਼ੀ 'ਤੇ ਤੇ 10 ਰੁਪਏ ਬਲਕ ਲਿਟਰ ਬੀਅਰ 'ਤੇ ਸਟਾਕ ਟ੍ਰਾਂਸਫਰ ਫੀਸ ਚਾਰਜ ਕਰੇਗਾ। ਇਸ 'ਚ ਘੱਟੋ-ਘੱਟ ਗਾਰੰਟਿਡ ਕੋਟੇ ਦਾ ਪਾਰਟ ਨਹੀਂ ਹੋਵੇਗਾ।