ਜਲੰਧਰ ''ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਪਰਿਵਾਰ ਨੂੰ ਮਿਲੀ CP ਧਨਪ੍ਰੀਤ ਕੌਰ, ਇਨਸਾਫ਼ ਦਾ ਦਿੱਤਾ ਭਰੋਸਾ
Wednesday, Nov 26, 2025 - 07:22 PM (IST)
ਜਲੰਧਰ (ਮਹੇਸ਼ ਖੋਸਲਾ)–ਕਮਿਸ਼ਨਰੇਟ ਪੁਲਸ ਦੇ ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਇਕ ਇਲਾਕੇ ਵਿਚ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਅਦਾਲਤ ਵਿਚ ਪੇਸ਼ ਕਰਕੇ 9 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਉਕਤ ਜਾਣਕਾਰੀ ਏ. ਡੀ. ਸੀ. ਪੀ. ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਨੂੰ ਪੁਲਸ ਹਿਰਾਸਤ ਵਿਚ ਰੱਖਿਆ ਜਾਵੇਗਾ। ਨਾਬਾਲਗ ਲੜਕੀ ਦੇ ਕਤਲ ਸਬੰਧੀ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਕਤ ਘਟਨਾ ਦੇ ਚੌਥੇ ਦਿਨ ਮੰਗਲਵਾਰ ਨੂੰ ਜਲੰਧਰ ਦੀ ਪਹਿਲੀ ਮਹਿਲਾ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਵੀ ਪੀੜਤ ਪਰਿਵਾਰ ਦੇ ਘਰ ਪਹੁੰਚੀ ਅਤੇ ਕਤਲ ਕੀਤੀ ਗਈ ਲੜਕੀ ਦੀ ਮਾਂ ਅਤੇ ਭਰਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਸ ਦੁੱਖ਼ ਦੀ ਘੜੀ ਵਿਚ ਕਮਿਸ਼ਨਰੇਟ ਪੁਲਸ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਪੜ੍ਹੋ Latest ਅਪਡੇਟ! 30 ਨਵੰਬਰ ਤੱਕ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਸੀ. ਪੀ. ਨੇ ਕਿਹਾ ਕਿ ਇਸ ਮਾਮਲੇ ਦੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਪੁਲਸ ਮੁਲਾਜ਼ਮ ਹੀ ਕਿਉਂ ਨਾ ਹੋਵੇ। ਅਜੇ ਤਕ ਏ. ਐੱਸ. ਆਈ. ਮੰਗਤ ਰਾਮ ਜਿਹੜਾ ਵਾਰਦਾਤ ਵਾਲੇ ਦਿਨ ਡਿਊਟੀ ਅਫ਼ਸਰ ਸੀ ਅਤੇ ਲੈਦਰ ਕੰਪਲੈਕਸ ਪੁਲਸ ਚੌਕੀ ਵਿਚ ਤਾਇਨਾਤ ਹੈ, ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦਕਿ ਪੀੜਤ ਪਰਿਵਾਰ ਅਤੇ ਉਸ ਦੇ ਪੱਖ ਵਿਚ ਆਏ ਲੋਕਾਂ ਅਤੇ ਵੱਖ-ਵੱਖ ਪਾਰਟੀਆਂ ਦੇ ਲੋਕਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਲੜਕੀ ਦੇ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਕਿਉਂਕਿ ਜਿਸ ਲੜਕੀ ਦਾ ਕਤਲ ਕੀਤਾ ਗਿਆ ਹੈ, ਉਸ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਅਜੇ ਪਰਿਵਾਰ ਇਸ ਸਦਮੇ ਵਿਚੋਂ ਬਾਹਰ ਵੀ ਨਹੀਂ ਆਇਆ ਸੀ ਕਿ ਇਕ ਹੋਰ ਵੱਡਾ ਕਹਿਰ ਉਸ ’ਤੇ ਟੁੱਟ ਪਿਆ।
ਦੂਜੇ ਪਾਸੇ ਮੁਲਜ਼ਮ ਵੱਲੋਂ ਕੋਈ ਵੀ ਵਕੀਲ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਜਦਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕਾਫ਼ੀ ਗਿਣਤੀ ਵਿਚ ਵਕੀਲ ਅਦਾਲਤ ਵਿਚ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦਾ ਕੇਸ ਫ੍ਰੀ ਲੜਨਗੇ ਅਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ: ਜਲੰਧਰ 'ਚ ਕਤਲ ਕੀਤੀ ਕੁੜੀ ਦੇ ਪਰਿਵਾਰ ਨੂੰ ਮਿਲੇ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਦਿੱਤਾ ਵੱਡਾ ਬਿਆਨ
ਮੁਲਜ਼ਮ ਨੂੰ ਮਿਲੇ ਫਾਂਸੀ ਦੀ ਸਜ਼ਾ, ਏ. ਐੱਸ. ਆਈ. ਨੂੰ ਕੀਤਾ ਜਾਵੇ ਡਿਸਮਿਸ
ਲਾਡੋਵਾਲੀ ਰੋਡ ਇਕ ਸਕੂਲ ਵਿਚ ਪੜ੍ਹਨ ਵਾਲੀ 13 ਸਾਲਾ ਵਿਦਿਆਰਥਣ ਦੇ ਕਤਲ ਮਾਮਲੇ ਵਿਚ ਏ. ਬੀ. ਵੀ. ਪੀ. ਦੀਆਂ ਵਿਦਿਆਰਥਣਾਂ ਨੇ ਵੀ ਕਮਿਸ਼ਨਰੇਟ ਪੁਲਸ ਜਲੰਧਰ ’ਤੇ ਆਪਣਾ ਗੁੱਸਾ ਕੱਢਿਆ ਅਤੇ ਪੀੜਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਪੁਲਸ ਵੱਲੋਂ ਜੋ ਅਜੇ ਤਕ ਇਸ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ, ਉਹ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਡਰਾਈਵਰ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਜਿਸ ਏ. ਐੱਸ. ਆਈ. ਮੰਗਤ ਰਾਮ ਨੂੰ ਸਸਪੈਂਡ ਕੀਤਾ ਗਿਆ ਹੈ, ਉਸ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਪੁਲਸ ਮੁਲਾਜ਼ਮ ਅਜਿਹੀ ਲਾਪ੍ਰਵਾਹੀ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਪੁਲਸ ਮੁਲਾਜ਼ਮ ’ਤੇ ਸਖ਼ਤ ਕਾਰਵਾਈ ਨਹੀਂ ਹੋਵੇਗੀ ਤਾਂ ਉਸ ਨੂੰ ਕੁਝ ਹੀ ਦਿਨਾਂ ਵਿਚ ਦੋਬਾਰਾ ਨੌਕਰੀ ’ਤੇ ਬਹਾਲ ਕਰ ਦਿੱਤਾ ਜਾਵੇਗਾ, ਜਿਸ ਨਾਲ ਅਕਸਰ ਆਪਣੀ ਡਿਊਟੀ ਵਿਚ ਕੋਤਾਹੀ ਵਰਤਣ ਵਾਲੇ ਅਜਿਹੇ ਪੁਲਸ ਮੁਲਾਜ਼ਮਾਂ ਦੇ ਹੌਸਲੇ ਹੋਰ ਵਧ ਜਾਣਗੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਜਦੋਂ ਤਕ ਇਨਸਾਫ਼ ਨਹੀਂ ਮਿਲੇਗਾ, ਉਦੋਂ ਤਕ ਉਹ ਸ਼ਾਂਤ ਹੋ ਕੇ ਨਹੀਂ ਬੈਠੇਗੀ। ਪੁਲਸ ਹੀ ਉਨ੍ਹਾਂ ਦੀ ਸੁਰੱਖਿਆ ਹੈ ਅਤੇ ਜੇਕਰ ਸੁਰੱਖਿਆ ਹੀ ਉਨ੍ਹਾਂ ਨੂੰ ਨਹੀਂ ਮਿਲੇਗੀ ਤਾਂ ਉਹ ਸੁਰੱਖਿਅਤ ਕਿਵੇਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਏ. ਐੱਸ. ਆਈ. ਮੰਗਤ ਰਾਮ ਮੁਲਜ਼ਮ ਦੇ ਘਰ ਵਿਚ ਜਾ ਕੇ ਪਹਿਲਾਂ ਹੀ ਚੰਗੀ ਤਰ੍ਹਾਂ ਨਾਲ ਜਾਂਚ ਕਰ ਲੈਂਦਾ ਤਾਂ ਲੜਕੀ ਦੀ ਜਾਨ ਬਚ ਸਕਦੀ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦਾ ਵੱਡਾ ਐਕਸ਼ਨ
ਮ੍ਰਿਤਕਾ ਦੇ ਭਰਾ ਨੇ ਕਿਹਾ-ਜਿਸ ਤਰ੍ਹਾਂ ਮੇਰੀ ਭੈਣ ਨੂੰ ਮਾਰਿਆ ਗਿਆ, ਮੁਲਜ਼ਮ ਨੂੰ ਵੀ ਉਸੇ ਤਰ੍ਹਾਂ ਦੀ ਮੌਤ ਮਿਲਣੀ ਚਾਹੀਦੀ
ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਉਸ ਦੀ ਭੈਣ ਦੇ ਕਾਤਲ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਜੋ ਕਿ ਡੀ. ਸੀ. ਆਫਿਸ ਵਿਚ ਕੰਮ ਕਰਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਨੂੰ ਨੌਕਰੀ ਮਿਲੀ ਸੀ। ਅਜੇ ਉਸ ਦੀ ਉਮਰ ਸਿਰਫ਼ 19 ਸਾਲ ਦੀ ਹੈ। ਉਹ ਨੌਕਰੀ ਕਰਕੇ ਆਪਣੀ ਭੈਣ ਨੂੰ ਪੜ੍ਹਾ ਰਿਹਾ ਸੀ ਅਤੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਹ ਆਪਣੀ ਭੈਣ ਨੂੰ ਉੱਚ ਮੁਕਾਮ ਤਕ ਪਹੁੰਚਾਉਣਾ ਸੀ ਪਰ ਉਸ ਦੀ ਸਹੇਲੀ ਦਾ ਪਿਤਾ ਹੀ ਇੰਨੀ ਗੰਦੀ ਹਰਕਤ ਕਰ ਸਕਦਾ ਹੈ, ਅਜਿਹਾ ਉਨ੍ਹਾਂ ਕਦੀ ਸੋਚਿਆ ਵੀ ਨਹੀਂ ਸੀ। ਉਸ ਨੇ ਕਿਹਾ ਕਿ ਉਨ੍ਹਾਂ ਵਾਰਦਾਤ ਵਾਲੇ ਦਿਨ ਹੀ ਮੁਲਜ਼ਮ ਨੂੰ ਜਾਨੋਂ ਮਾਰ ਦੇਣਾ ਸੀ ਪਰ ਪੁਲਸ ਉਸ ਦਾ ਬਚਾਅ ਕਰ ਕੇ ਲੈ ਗਈ। ਉਸ ਨੇ ਕਿਹਾ ਕਿ ਮੁਲਜ਼ਮ ਹਰਮਿੰਦਰ ਸਿੰਘ ਨੇ ਜਿਸ ਤਰ੍ਹਾਂ ਦੀ ਉਸ ਦੀ ਭੈਣ ਨੂੰ ਬੇਰਹਿਮੀ ਨਾਲ ਗਲਾ ਘੁੱਟ ਕੇ ਮਾਰਿਆ ਹੈ, ਉਸ ਨੂੰ ਵੀ ਉਸੇ ਤਰ੍ਹਾਂ ਦੀ ਮੌਤ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab: ਡਿਊਟੀ ਤੋਂ ਘਰ ਜਾ ਰਹੇ ਹੈੱਡ ਕਾਂਸਟੇਬਲ ਨੂੰ ਮੌਤ ਨੇ ਪਾਇਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
