ਸ਼ੱਕੀ ਹਾਲਾਤ ’ਚ ਹੋਸਟਲ ਦੇ ਕਮਰੇ ’ਚ ਫਾਹੇ ਨਾਲ ਲਟਕਦੀ ਮਿਲੀ ਲੜਕੀ ਦੀ ਲਾਸ਼
Wednesday, Nov 19, 2025 - 01:04 AM (IST)
ਲੁਧਿਆਣਾ (ਰਾਜ) - ਚੰਡੀਗੜ੍ਹ ਰੋਡ ਸਥਿਤ ਪਰਮਜੀਤ ਕਾਲੋਨੀ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਵਰਧਮਾਨ ਇੰਡਸਟਰੀ ਗਰਲਜ਼ ਹੋਸਟਲ ਦੇ ਕਮਰੇ ’ਚ ਇਕ ਲੜਕੀ ਨੇ ਸ਼ੱਕੀ ਹਾਲਾਤ ’ਚ ਖੁਦਕੁਸ਼ੀ ਕਰ ਲਈ। ਜਦੋਂ ਕਾਫੀ ਸਮੇਂ ਤੱਕ ਕਮਰੇ ਦਾ ਗੇਟ ਨਾ ਖੁੱਲ੍ਹਾ ਤਾਂ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੀ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਕਮਰਾ ਖੁੱਲ੍ਹਵਾਇਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਕਮਰੇ ਦੇ ਅੰਦਰ 20 ਸਾਲ ਅਕਾਂਕਸ਼ਾ ਗੌਤਮ ਦੀ ਲਾਸ਼ ਦੁਪੱਟੇ ਦੇ ਫਾਹੇ ਨਾਲ ਲਮਕਦੀ ਹੋਈ ਮਿਲੀ।
ਜਾਂਚ ਅਧਿਕਾਰੀ ਸਵਰਣ ਸਿੰਘ ਮੁਤਾਬਕ ਅਕਾਂਕਸ਼ਾ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਹਰਦੋਈ ਦੀ ਰਹਿਣ ਵਾਲੀ ਸੀ। ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ। ਘਰ ਵਿਚ 2 ਛੋਟੇ ਭੈਣ ਭਰਾ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਉਹ ਨੌਕਰੀ ਕਰ ਕੇ ਨਿਭਾਅ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਅਕਾਂਕਸ਼ਾ ਐਤਵਾਰ ਰਾਤ ਨਾਈਟ ਡਿਊਟੀ ’ਤੇ ਸੀ। ਸੋਮਵਾਰ ਸਵੇਰੇ ਕਮਰੇ ਦਾ ਦਰਵਾਜ਼ਾ ਬੰਦ ਸੀ। ਕਈ ਵਾਰ ਆਵਾਜ਼ ਦੇਣ ’ਤੇ ਵੀ ਕੋਈ ਹਿਲਜੁਲ ਨਾ ਹੋਣ ’ਤੇ ਹੋਸਟਲ ਪ੍ਰਸ਼ਾਸਨ ਨੇ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਹਾਲ ਦੀ ਘੜੀ ਪੁਲਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਰਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ ਅਤੇ ਪਰਿਵਾਰ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਮੋਬਾਈਲ ਰਿਕਾਰਡ ਦੀ ਜਾਂਚ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਸਕੇਗਾ।
