ਸ਼ਰਾਬ ਦੇ ਨਸ਼ੇ ’ਚ ਮਰੀਜ਼ ਨੇ ਡਾਕਟਰਾਂ ਨਾਲ ਕੀਤਾ ਝਗੜਾ
Sunday, Aug 19, 2018 - 03:30 AM (IST)

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜੀਕਲ ਵਾਰਡ ਨੰ. 4 ’ਚ ਬੀਤੀ ਦੇਰ ਰਾਤ ਖੂਬ ਹੰਗਾਮਾ ਹੋਇਆ। ਵਾਰਡ ਵਿਚ ਦਾਖਲ ਇਕ ਮਰੀਜ਼ ਨੇ ਸ਼ਰਾਬੀ ਹਾਲਤ ’ਚ ਡਾਕਟਰਾਂ ਨਾਲ ਲਡ਼ਾਈ ਕੀਤੀ। ਡਾਕਟਰਾਂ ਨੇ ਤੁਰੰਤ ਹਸਪਤਾਲ ਦੇ ਉੱਚ ਅਧਿਕਾਰੀਆਂ ਦੇ ਮਾਮਲਾ ਲਿਆਂਦਿਅਾਂ ਮਰੀਜ਼ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਮਜੀਠਾ ਰੋਡ ਦੀ ਪੁਲਸ ਨੇ ਮਰੀਜ਼ ਦਾ ਮੈਡੀਕਲ ਕਰਵਾਉਣ ਉਪਰੰਤ ਉਸ ’ਤੇ ਕਾਨੂੰਨੀ ਕਾਰਵਾਈ ਕਰ ਦਿੱਤੀ।
®ਜਾਣਕਾਰੀ ਅਨੁਸਾਰ ਪਿੰਡ ਡਲ ਜ਼ਿਲਾ ਤਰਨਤਾਰਨ ਵਾਸੀ ਗੁਰਪ੍ਰਤਾਪ ਸਿੰਘ ਆਪ੍ਰੇਸ਼ਨ ਕਰਵਾਉਣ ਲਈ ਹਸਪਤਾਲ ’ਚ ਦਾਖਲ ਹੋਇਆ ਸੀ, ਸ਼ਨੀਵਾਰ ਸਵੇਰੇ ਉਸ ਦਾ ਆਪ੍ਰੇਸ਼ਨ ਹੋਣਾ ਸੀ। ਸ਼ੁੱਕਰਵਾਰ ਦੀ ਸ਼ਾਮ ਵਾਰਡ ਦੀ ਸਟਾਫ ਨਰਸ ਉਸ ਨੂੰ ਟੀਕਾ ਲਾਉਣ ਗਈ ਤਾਂ ਉਸ ਨੇ ਉਸ ਨਾਲ ਬੁਰਾ ਵਤੀਰਾ ਕੀਤਾ। ਮੌਕੇ ’ਤੇ ਵਾਰਡ ਵਿਚ ਤਾਇਨਾਤ ਪੀ. ਜੀ. ਡਾਕਟਰ ਪੁੱਜੇ। ਉਨ੍ਹਾਂ ਨਾਲ ਵੀ ਗੁਰਪ੍ਰਤਾਪ ਸਿੰਘ ਨੇ ਗਲਤ ਵਤੀਰਾ ਕੀਤਾ। ਡਾਕਟਰਾਂ ਦੇ ਬੁਲਾਉਣ ’ਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੀ ਆ ਪੁੱਜੇ ਤੇ ਉਨ੍ਹਾਂ ਥਾਣਾ ਮਜੀਠਾ ਰੋਡ ਦੀ ਪੁਲਸ ਨੂੰ ਘਟਨਾ ਸਬੰਧੀ ਸੂਚਿਤ ਕੀਤਾ, ਜਿਸ ਉਪਰੰਤ ਪੁਲਸ ਗੁਰਪ੍ਰਤਾਪ ਨੂੰ ਫਡ਼ ਕੇ ਲੈ ਗਈ। ਪੁਲਸ ਵੱਲੋਂ ਸਿਵਲ ਹਸਪਤਾਲ ਤੋਂ ਕਰਵਾਏ ਗਏ ਮੈਡੀਕਲ ਵਿਚ ਸ਼ਰਾਬ ਦੀ ਪੁਸ਼ਟੀ ਹੋਈ ਹੈ।
ਡਾਕਟਰਾਂ ਨੇ ਲਾਇਅਾ ਗਲਤ ਟੀਕਾ : ਗੁਰਸਾਹਿਬ
ਗੁਰਪ੍ਰਤਾਪ ਦੇ ਭਰਾ ਗੁਰਸਾਹਿਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਦੇ ਭਰਾ ਨੇ ਸ਼ਰਾਬ ਪੀਤੀ ਸੀ ਪਰ ਡਾਕਟਰਾਂ ਵੱਲੋਂ ਸ਼ੂਗਰ ਦਾ 4 ਐੱਮ. ਐੱਲ. ਵਾਲਾ ਲਾਇਆ ਜਾਣ ਵਾਲਾ ਟੀਕਾ ਉਸ ਦੇ ਭਰਾ ਨੂੰ 10 ਐੱਮ. ਐੱਲ. ਲਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਵਿਰੋਧ ਕੀਤਾ ਤਾਂ ਡਾਕਟਰਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਵਾਰਡ ਦੇ ਇੰਚਾਰਜ ਸੁਮੀਤੋਜ ਧਾਲੀਵਾਲ ਨੇ ਕਿਹਾ ਕਿ ਗੁਰਪ੍ਰਤਾਪ ਦਾ ਸ਼ਨੀਵਾਰ ਆਪ੍ਰੇਸ਼ਨ ਹੋਣਾ ਸੀ, ਉਸ ਤੋਂ ਇਲਾਵਾ ਹੋਰ ਮਰੀਜ਼ਾਂ ਦੇ ਆਪ੍ਰੇਸ਼ਨਾਂ ਦੀ ਤਿਆਰੀ ਵੀ ਹੋ ਚੁੱਕੀ ਸੀ। ਉਕਤ ਮਰੀਜ਼ ਨੇ ਸ਼ਰਾਬ ਪੀ ਕੇ ਵਾਰਡ ਵਿਚ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਉਪਰੰਤ ਉਸ ਨੂੰ ਪੁਲਸ ਹਵਾਲੇ ਕੀਤਾ ਗਿਆ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ?
ਥਾਣਾ ਮਜੀਠਾ ਰੋਡ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੀ ਸ਼ਿਕਾਇਤ ’ਤੇ ਗੁਰਪ੍ਰਤਾਪ ਨੂੰ ਫਡ਼ ਕੇ ਥਾਣੇ ਲਿਆਂਦਾ ਗਿਆ ਸੀ, ਉਸ ਦੀ ਮੈਡੀਕਲ ਰਿਪੋਰਟ ਵਿਚ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਹੈ, ਜਿਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।