ਜਾਅਲੀ ਨੰਬਰ ਲੱਗੀ ਇੰਡੀਗੋ ਕਾਰ ''ਚੋਂ 34 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

Sunday, Oct 29, 2017 - 04:15 AM (IST)

ਜਲੰਧਰ(ਮਹੇਸ਼)—ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਦੀ ਅਗਵਾਈ 'ਚ ਥਾਣਾ ਸਦਰ ਦੀ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਰਿਆੜ ਨੇ 34 ਪੇਟੀਆਂ ਕੈਸ਼ ਮਾਰਕਾ ਨਾਜਾਇਜ਼ ਸ਼ਰਾਬ ਸਮੇਤ ਫਗਵਾੜਾ ਨਿਵਾਸੀ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਜਾਅਲੀ ਨੰਬਰੀ ਇੰਡੀਗੋ ਕਾਰ 'ਚ ਸ਼ਰਾਬ ਲੈ ਕੇ ਜਾ ਰਹੇ ਸਨ। ਏ. ਸੀ. ਪੀ. ਜਲੰਧਰ ਕੈਂਟ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਆਪਣੀ ਇੰਡੀਗੋ ਕਾਰ 'ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੇ ਹਨ, ਜਿਸ 'ਤੇ ਇੰਸਪੈਕਟਰ ਸੁਖਦੇਵ ਸਿੰਘ ਔਲਖ ਦੀ ਅਗਵਾਈ 'ਚ ਐੱਸ. ਆਈ. ਮੇਜਰ ਸਿੰਘ ਨੇ ਸਮੇਤ ਪੁਲਸ ਪਾਰਟੀ ਨਹਿਰ ਪੁਲ ਸਰਹਾਲੀ 'ਤੇ ਨਾਕਾਬੰਦੀ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਨਿਵਾਸੀ ਓਂਕਾਰ ਨਗਰ ਫਗਵਾੜਾ ਅਤੇ ਅਮਰਜੀਤ ਕੁਮਾਰ ਪੁੱਤਰ ਮੇਜਰ ਸਿੰਘ ਨਿਵਾਸੀ ਮੁਹੱਲਾ ਚੱਕ ਪ੍ਰੇਮਾ ਫਗਵਾੜਾ ਦੇ ਰੂਪ 'ਚ ਹੋਈ ਹੈ। ਕਾਰ ਦੀ ਤਲਾਸ਼ੀ ਲੈਣ 'ਤੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜੋ ਕਿ ਉਨ੍ਹਾਂ ਨੇ ਕਿਸੇ ਨੂੰ ਸਪਲਾਈ ਕਰਨੀ ਸੀ। ਜਾਂਚ 'ਚ ਪਤਾ ਲੱਗਾ ਕਿ ਦੋਵੇਂ ਕਾਫੀ ਸਮੇਂ ਤੋਂ ਇਹ ਗੈਰ ਕਾਨੂੰਨੀ ਕੰਮ ਕਰ ਰਹੇ ਸਨ। ਉਨ੍ਹਾਂ ਵਿਰੁੱਧ ਥਾਣਾ ਸਦਰ 'ਚ ਅੰਡਰ ਸੈਕਸ਼ਨ 420, 482 ਆਈ. ਪੀ. ਸੀ. ਅਤੇ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਕਾਰ ਦੇ ਅਸਲੀ ਨੰਬਰ ਰਾਹੀਂ ਪੁਲਸ ਕਾਰ ਮਾਲਕ ਤਕ ਪਹੁੰਚ ਬਣਾ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਾਰ ਚੋਰੀ ਦੀ ਤਾਂ ਨਹੀਂ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਸ਼ਰਾਬ ਕਿੱਥੋਂ ਲੈ ਕੇ ਆਉਂਦੇ ਸੀ ਅਤੇ ਕਿਨ੍ਹਾਂ ਲੋਕਾਂ ਨੂੰ ਸਪਲਾਈ ਕਰਦੇ ਸਨ।


Related News