ਲੁਧਿਆਣਾ: 311 ਕਰੋੜ ਰੁਪਏ ਦੇ ਜਾਅਲੀ ਜੀ. ਐੱਸ. ਟੀ. ਬਿਲਿੰਗ ਘੁਟਾਲੇ ਦਾ ਪਰਦਾਫਾਸ਼, ਪਿਓ-ਪੁੱਤ ਦੀ ਜੋੜੀ ਗ੍ਰਿਫ਼ਤਾਰ
Thursday, Jan 22, 2026 - 03:07 AM (IST)
ਲੁਧਿਆਣਾ (ਸੇਠੀ) : ਖਾਸ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਕੇਂਦਰੀ ਵਸਤੂਆਂ ਅਤੇ ਸੇਵਾਵਾਂ ਟੈਕਸ (ਸੀ. ਜੀ. ਐੱਸ. ਟੀ.) ਕਮਿਸ਼ਨਰੇਟ, ਲੁਧਿਆਣਾ ਨੇ ਲੋਹਾ ਅਤੇ ਸਟੀਲ ਨਿਰਮਾਣ ਯੂਨਿਟ, ਮਾਰੂਤੀ ਅਲੌਏਜ਼ ’ਤੇ ਛਾਪਾ ਮਾਰਿਆ ਅਤੇ 311 ਕਰੋੜ ਰੁਪਏ ਦੇ ਜਾਅਲੀ ਜੀ. ਐੱਸ. ਟੀ. ਬਿਲਿੰਗ ਘਪਲੇ ਦਾ ਪਰਦਾਫਾਸ਼ ਕੀਤਾ। ਜਾਂਚ ਵਿਚ ਖੁਲਾਸਾ ਹੋਇਆ ਕਿ ਇਕ ਵੱਡੀ ਲੋਹਾ ਅਤੇ ਸਟੀਲ ਨਿਰਮਾਣ ਕੰਪਨੀ ਇਸ ਘਪਲੇ ’ਚ ਸ਼ਾਮਲ ਸੀ, ਜਿਸ ਨੇ ਜਾਅਲੀ GST ਬਿੱਲਾਂ ਰਾਹੀਂ ਲਗਭਗ 47.50 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਪ੍ਰਾਪਤ ਕੀਤਾ। ਕੰਪਨੀ ਨੇ ਇਸ ਗੈਰ-ਕਾਨੂੰਨੀ ਆਈ. ਟੀ. ਸੀ. ਦੀ ਵਰਤੋਂ ਆਪਣੀਆਂ ਜੀ. ਐੱਸ. ਟੀ. ਦੇਣਦਾਰੀਆਂ ਨੂੰ ਪੂਰਾ ਕਰਨ ਲਈ ਕੀਤੀ, ਜਿਸ ਦੇ ਨਤੀਜੇ ਵਜੋਂ ਸਰਕਾਰੀ ਮਾਲੀਏ ਨੂੰ ਕਾਫ਼ੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਪੰਜਾਬ: ਡੱਬ 'ਚ ਪਿਸਟਲ ਲਾ ਕੁੜੀਆਂ ਨਾਲ ਘੁੰਮਦੇ ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ, ਹੋ ਗਏ ਵੱਡੇ ਖ਼ੁਲਾਸੇ
ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਡਿਜੀਟਲ ਰਿਕਾਰਡ, ਵਿਕਰੀ ਖਰੀਦਦਾਰੀ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ, ਜੋ ਇਕ ਜਾਅਲੀ ਬਿਲਿੰਗ ਨੈੱਟਵਰਕ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਹਨ। ਮੁੱਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਅਜਿਹਾ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਛਾਪੇਮਾਰੀ ਤੋਂ ਬਾਅਦ ਜਾਂਚ ਏਜੰਸੀਆਂ ਨੇ ਕੇਂਦਰੀ ਜੀ. ਐੱਸ. ਟੀ. ਐਕਟ, 2017 ਦੀਆਂ ਧਾਰਾਵਾਂ ਤਹਿਤ ਇਨ੍ਹਾਂ ਫਰਮਾਂ ਨੂੰ ਚਲਾਉਣ ਅਤੇ ਕੰਟਰੋਲ ਕਰਨ ਵਾਲੇ ਪਿਤਾ-ਪੁੱਤਰ ਦੀ ਜੋੜੀ ਕੁਲਬੀਰ ਸਿੰਗਲਾ ਅਤੇ ਰਘੂਵੀਰ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਸੀ. ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਜਾਂਚ ਜਾਰੀ ਹੈ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਸ਼ਾਮਲ ਹੋਰ ਸੰਸਥਾਵਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
