ਨਾਜਾਇਜ਼ ਹਥਿਆਰਾਂ ਸਾਹਮਣੇ ਖਾਕੀ ਹੋਈ ਬੇਅਸਰ : ਸ਼ਰੇਆਮ ਮੌਤ ਵੰਡ ਰਹੇ ਅਪਰਾਧੀ
Wednesday, Jan 07, 2026 - 06:55 PM (IST)
ਲੁਧਿਆਣਾ (ਰਾਜ)- ਸ਼ਹਿਰ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਪੁਲਸ ਦੀਆਂ ਫਾਈਲਾਂ ਵਿਚ ਚਾਹੇ ਸਭ ਚੰਗਾ ਹੋਵੇ ਪਰ ਜ਼ਮੀਨੀ ਹਕੀਕਤ ਖੂਨ ਲਿਬਰੇਜ਼ ਹੈ। ਇਕ ਪਾਸੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਨਵੇਂ ਲਾਇਸੈਂਸ ਬਣਾਉਣ ’ਤੇ ਸਖਤੀ ਦਿਖਾ ਕੇ ਆਪਣੀ ਪਿੱਠ ਥਾਪੜ ਰਿਹਾ ਹੈ, ਦੂਜੇ ਪਾਸੇ ਹਕੀਕਤ ਇਹ ਹੈ ਕਿ ਗੋਲੀਆਂ ਦੀ ਗੂੰਜ ਨਾਲ ਸ਼ਹਿਰ ਕੰਬਿਆ ਹੋਇਆ ਹੈ।
ਸ਼ਹਿਰ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਹੋਣਾ ਹੁਣ ਕੋਈ ਵੱਡੀ ਖ਼ਬਰ ਨਹੀਂ, ਸਗੋਂ ਰੁਟੀਨ ਦਾ ਹਿੱਸਾ ਬਣ ਗਈਆਂ ਹਨ। ਦਿਨ ਵਿਚ ਦੋ-ਚਾਰ ਰਾਊਂਡ ਗੋਲੀਆਂ ਚੱਲਣਾ ਹੁਣ ਆਮ ਗੱਲ ਹੋ ਗਈ ਹੈ, ਜਦੋਂਕਿ ਇਨ੍ਹਾਂ ਸਾਰੀਆਂ ਵਾਰਦਾਤਾਂ ਵਿਚ ਸਭ ਤੋਂ ਜ਼ਿਆਦਾ ਨਾਜਾਇਜ਼ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ। ਅਪਰਾਧੀਆਂ ਲਈ ਨਾਜਾਇਜ਼ ਹਥਿਆਰ ਖਰੀਦਣਾ ਹੁਣ ਮੋਬਾਈਲ ਖਰੀਦਣ ਜਿੰਨਾ ਆਸਾਨ ਹੋ ਗਿਆ ਹੈ।
ਵਧਦੀਆਂ ਫਾਇਰਿੰਗ ਦੀਆਂ ਘਟਨਾਵਾਂ ਇਸ ਗੱਲ ਦਾ ਪੁਖਤਾ ਸਬੂਤ ਹਨ ਕਿ ਖਾਕੀ ਦਾ ਡਰ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਅਤੇ ਨਾਜਾਇਜ਼ ਹਥਿਆਰਾਂ ਦਾ ਨੈਕਸਸ ਪੁਲਸ ਦੇ ਨੱਕ ਹੇਠ ਵਧ-ਫੁੱਲ ਰਿਹਾ ਹੈ। ਪੁਲਸ ਪ੍ਰਸ਼ਾਸਨ ਦੇ ਵੱਡੇ-ਵੱਡੇ ਦਾਅਵੇ ਅਤੇ ਲਾਅ ਐਂਡ ਆਰਡਰ ਦੀ ਦੁਹਾਈ ਹੁਣ ਜਨਤਾ ਦੇ ਜ਼ਖਮਾਂ ’ਤੇ ਲੂੜ ਛਿੜਕਣ ਵਾਂਗ ਲਗਦੀ ਹੈ। ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਲੋਕ ਆਪਣੇ ਘਰ ਦੀ ਦਹਿਲੀਜ਼ ਪਾਰ ਕਰਨ ਤੋਂ ਕਤਰਾਉਣ ਲੱਗੇ ਹਨ।
ਨਾਜਾਇਜ਼ ਹਥਿਆਰਾਂ ਦੀ ਮੰਡੀ ਬਣਿਆ ਸ਼ਹਿਰ, ਸੌਂ ਰਿਹਾ ਪੁਲਸ ਦਾ ਇੰਟੈਲੀਜੈਂਸ
ਅੱਜ ਕੱਲ ਹੋਰ ਛੋਟਾ-ਵੱਡਾ ਬਦਮਾਸ਼ ਆਪਣੀ ਡੱਬ ’ਚ ਨਾਜਾਇਜ਼ ਪਿਸਤੌਲ ਰੱਖ ਕੇ ਸ਼ਰੇਆਮ ਘੁੰਮ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਦਾ ਖੁਫੀਆ ਤੰਤਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਪੁਲਸ ਨੂੰ ਇਹ ਤੱਕ ਖ਼ਬਰ ਨਹੀਂ ਲੱਗ ਰਹੀ ਕਿ ਬਾਹਰੀ ਸੂਬਿਅਾਂ ਤੋਂ ਹਥਿਆਰਾਂ ਦੀ ਖੇਪ ਸ਼ਹਿਰ ਦੇ ਮੁਹੱਲਿਆਂ ਤੱਕ ਕਿਵੇਂ ਪੁੱਜ ਰਹੀ ਹੈ। ਅਪਰਾਧੀਆਂ ਕੋਲ ਇਨ੍ਹਾਂ ਹਥਿਆਰਾਂ ਦਾ ਜ਼ਖੀਰਾ ਹੈ, ਜਦੋਂਕਿ ਪੁਲਸ ਸਿਰਫ ਨਾਕਿਆਂ ’ਤੇ ਆਮ ਜਨਤਾ ਦੇ ਚਲਾਨ ਕੱਟਣ ਤੱਕ ਸੀਮਤ ਰਹਿ ਗਈ ਹੈ। ਨਾਜਾਇਜ਼ ਹਥਿਆਰਾਂ ਦੇ ਇਸ ਮੱਕੜ ਜਾਲ ਨੂੰ ਤੋੜਨ ’ਚ ਲੁਧਿਆਣਾ ਪੁਲਸ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ।
ਲਾਇਸੈਂਸਧਾਰਕ ਨਿਸ਼ਾਨੇ ’ਤੇ, ਬਦਮਾਸ਼ ਬੇਖੌਫ!
ਪ੍ਰਸ਼ਾਸਨ ਨੇ ਨਿਯਮਾਂ ਕਾਇਦਿਆਂ ਦਾ ਚਾਬੁਕ ਉਨ੍ਹਾਂ ਸ਼ਰੀਫ ਲੋਕਾਂ ’ਤੇ ਚਲਾਇਆ ਹੈ, ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਸਨ ਪਰ ਉਨ੍ਹਾਂ ਬਦਮਾਸ਼ਾਂ ਦਾ ਕੀ ਜੋ ਬਿਨਾਂ ਕਿਸੇ ਕਾਗਜ਼ ਦੇ ਹੱਥਾਂ ’ਚ ਮੌਤ ਦਾ ਸਾਮਾਨ ਲਈ ਘੁੰਮ ਰਹੇ ਹਨ? ਸ਼ਹਿਰ ਦੇ ਇਲਾਕਿਆਂ ਤੋਂ ਲੈ ਕੇ ਪਾਸ਼ ਕਾਲੋਨੀਆਂ ਤੱਕ ਲੁਟੇਰੇ ਅਤੇ ਗੈਂਗਸਟਰ ਖਿਡੌਣਿਆਂ ਵਾਂਗ ਪਿਸਤੌਲਾਂ ਲਹਿਰਾਉਂਦੇ ਹਨ। ਦਿਨ-ਦਿਹਾੜੇ ਗੋਲੀਬਾਰੀ ਦੀਆਂ ਘਟਨਾਵਾਂ ਇਹ ਦੱਸਣ ਲਈ ਕਾਫੀ ਹਨ ਕਿ ਅਪਰਾਧੀਆਂ ਨੂੰ ਨਾ ਤਾਂ ਜੇਲ ਜਾਣ ਦਾ ਡਰ ਹੈ ਅਤੇ ਨਾ ਹੀ ਪੁਲਸ ਦੀ ਕਾਰਵਾਈ ਦਾ।
ਨਾਜਾਇਜ਼ ਹਥਿਆਰਾਂ ਦੇ ਨੈਕਸਸ ਨੂੰ ਖਤਮ ਕਰਨ ’ਚ ਪੁਲਸ ਪੱਛੜੀ
ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਇੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਅਪਰਾਧੀਆਂ ਵਲੋਂ ਚੰਦ ਮਿੰਟਾਂ ’ਚ ਕਿਸੇ ਵੀ ਨੌਜਵਾਨ ਨੂੰ ਹਥਿਆਰ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਬਦਮਾਸ਼ਾਂ ਕੋਲ ਅਸਲਾ ਇਸ ਤਰ੍ਹਾਂ ਪੁੱਜ ਰਿਹਾ ਹੈ ਜਿਵੇਂ ਬੱਚਿਆਂ ਦੇ ਹੱਥ ਵਿਚ ਖਿਡੌਣੇ। ਪੁਲਸ ਪ੍ਰਸ਼ਾਸਨ ਸਮੇਂ-ਸਮੇਂ ’ਤੇ ਛੋਟੇ ਮੋਟੇ ਗੁਰਗਿਆਂ ਨੂੰ ਫੜ ਕੇ ਆਪਣੀ ਕਾਮਯਾਬੀ ਦਾ ਢਿੰਡੋਰਾ ਪਿੱਟਦਾ ਹੈ ਪਰ ਇਸ ਧੰਦੇ ਦੇ ਅਸਲੀ ਮਾਸਟਰਮਾਈਂਡ ਅਤੇ ਸਪਲਾਇਰ ਅੱਜ ਵੀ ਪੁਲਸ ਦੀ ਪਹੁੰਚ ਤੋਂ ਕੋਹਾਂ ਦੂਰ ਹਨ।
ਪੁਲਸ ਸਿਰਫ ਵਾਰਦਾਤ ਹੋਣ ਤੋਂ ਬਾਅਦ ਕੇਸ ਹੱਲ ਕਰਨ ਤੱਕ ਸੀਮਤ ਰਹਿੰਦੀ ਹੈ, ਜਦੋਂਕਿ ਅਪਰਾਧ ਨੂੰ ਜੜ੍ਹੋਂ ਖਤਮ ਕਰਨ ਲਈ ਨਾਜਾਇਜ਼ ਹਥਿਆਰਾਂ ਦੀ ਸਪਲਾਈ ਲਾਈਨ ਕੱਟਣ ਵਿਚ ਉਹ ਹਰ ਵਾਰ ਦੀ ਤਰ੍ਹਾਂ ਪੂਰੀ ਤਰ੍ਹਾਂ ਬੇਵੱਸ ਸਾਬਤ ਹੋਈ ਹੈ। ਪੰਜਾਬ ਦੀ ਜਨਤਾ ਦਾ ਹਮੇਸ਼ਾ ਇਹੀ ਸਵਾਲ ਰਿਹਾ ਹੈ ਕਿ ਆਖਿਰ ਇਹ ਨਾਜਾਇਜ਼ ਪਿਸਤੌਲ ਸ਼ਹਿਰ ਦੀ ਹੱਦ ਵਿਚ ਦਾਖਲ ਕਿਵੇਂ ਹੋ ਰਹੇ ਹਨ? ਕੀ ਪੁਲਸ ਦੀ ਮਿਲੀਭੁਗਤ ਹੈ ਜਾਂ ਫਿਰ ਵਿਭਾਗ ਦੀ ਭਾਰੀ ਲਾਪ੍ਰਵਾਹੀ?
ਅਜਿਹੇ ਵਿਚ ਜੇਕਰ ਹਰ ਹੱਥ ’ਚ ਨਾਜਾਇਜ਼ ਹਥਿਆਰ ਹੋਵੇਗਾ ਤਾਂ ਸੁਰੱਖਿਅਤ ਸਮਾਜ ਦਾ ਦਾਅਵਾ ਆਖਿਰ ਕਿਸ ਆਧਾਰ ’ਤੇ ਕੀਤਾ ਜਾ ਰਿਹਾ ਹੈ? ਜੇਕਰ ਸਮਾਂ ਰਹਿੰਦੇ ਨਾਜਾਇਜ਼ ਹਥਿਆਰਾਂ ਦੇ ਇਸ ਵਧਦੇ ਨੈਕਸਸ ਨੂੰ ਕੁਚਲਿਆ ਨਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ਹਿਰ ਦੀਆਂ ਸੜਕਾਂ ’ਤੇ ਕਾਨੂੰਨ ਦਾ ਨਹੀਂ ਸਗੋਂ ਗੋਲੀਆਂ ਦਾ ਰਾਜ ਹੋਵੇਗਾ।
ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਅਤੇ ਦਹਿਸ਼ਤ ਦਾ ਮਾਹੌਲ
ਅੱਜ ਕੱਲ ਦੇ ਨੌਜਵਾਨ ਅਪਰਾਧੀ ਨਾ ਸਿਰਫ ਹਥਿਆਰ ਰੱਖਦੇ ਹਨ ਸਗੋਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਨੁਮਾਇਸ਼ ਕਰ ਕੇ ਦਹਿਸ਼ਤ ਵੀ ਫੈਲਾਅ ਰਹੇ ਹਨ। ਗੈਂਗਸਟਰਾਂ ਲਈ ਗੋਲੀਆਂ ਚਲਾਉਣਾ ਹੁਣ ਇਕ ਸਟੇਟਸ ਸਿੰਬਲ ਬਣ ਗਿਆ ਹੈ। ਲੋਕ ਨੁਮਾਇੰਦੇ ਹੋਣ ਜਾਂ ਆਮ ਨਾਗਰਿਕ, ਗੋਲੀਆਂ ਦੀ ਗੂੰਜ ਤੋਂ ਹਰ ਕੋਈ ਸਹਿਮਿਆ ਹੋਇਆ ਹੈ।
ਸਭ ਤੋਂ ਜ਼ਿਆਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜ਼ਿਆਦਾਤਰ ਘੱਟ ਉਮਰ ਦੇ ਨੌਜਵਾਨ ਹਨ, ਜਿਨ੍ਹਾਂ ਦੇ ਹੱਥਾਂ ਵਿਚ ਕਿਤਾਬਾਂ ਤੇ ਭਵਿੱਖ ਦੀਆਂ ਲਕੀਰਾਂ ਹੋਣੀਆਂ ਚਾਹੀਦੀਆਂ ਸਨ, ਉਨ੍ਹਾਂ ਵਿਚ ਅੱਜ ਦੇਸੀ ਕੱਟੇ ਅਤੇ ਮੈਗਜ਼ੀਨ ਨਜ਼ਰ ਆ ਰਹੇ ਹਨ। ਛੋਟੀਆਂ-ਛੋਟੀਆਂ ਗੱਲਾਂ ’ਤੇ ਗੁੱਸਾ ਅਤੇ ਫਿਰ ਸਿੱਧਾ ਗੋਲੀ ਚਲਾਉਣਾ, ਨੌਜਵਾਨਾਂ ਵਿਚ ਸ਼ਹਿਣਸ਼ੀਲਤਾ ਖਤਮ ਹੋ ਚੁੱਕੀ ਹੈ।
ਆਖਿਰ ਇਨ੍ਹਾਂ ਮਾਸੂਮਾਂ ਨੂੰ ਗੈਂਗਸਟਰ ਕਲਚਰ ਦੀ ਦਲਦਲ ਵਿਚ ਧੱਕਣ ਦਾ ਜ਼ਿੰਮੇਵਾਰ ਕੌਣ ਹੈ? ਜਦੋਂਕਿ ਗੈਂਗਸਟਰਾਂ ਦਾ ਆਲਮ ਇਹ ਹੈ ਕਿ ਉਹ ਵਾਰਦਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼ਰੇਆਮ ਜ਼ਿੰਮੇਵਾਰੀ ਲੈਂਦੇ ਹਨ। ਉਹ ਪੁਲਸ ਨੂੰ ਚੁਣੌਤੀ ਦਿੰਦੇ ਹਨ ਅਤੇ ਪੁਲਸ ਸਿਰਫ ਸਾਈਬਰ ਸੈੱਲ ਦੀ ਰਿਪੋਰਟ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ।
ਨਵੇਂ ਸਾਲ ਤੋਂ 6 ਦਿਨਾਂ ’ਚ ਹੋਈਆਂ ਫਾਇਰਿੰਗ ਦੀਆਂ ਘਟਨਾਵਾਂ
ਨਵੇਂ ਸਾਲ 2026 ਦੇ ਸ਼ੁਰੂਆਤੀ ਦਿਨਾਂ ਵਿਚ ਟਿੱਬਾ ਰੋਡ ਸਥਿਤ ਸ਼ਕਤੀ ਨਗਰ ’ਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ, ਜਿਸ ਵਿਚ ਇਕ ਨੌਜਵਾਨ ਦੀ ਪਿੱਠ ਵਿਚ ਗੋਲੀ ਲੱਗੀ ਸੀ, ਜੋ ਕਿ ਅਜੇ ਸੀ. ਐੱਮ. ਸੀ. ਹਸਪਤਾਲ ਵਿਚ ਦਾਖਲ ਹੈ। ਇਸ ਦੇ ਨਾਲ ਹੀ ਸਲੇਮ ਟਾਬਰੀ ਇਲਾਕੇ ਵਿਚ ਇਕ ਨੌਜਵਾਨ ’ਤੇ ਫਾਇਰਿੰਗ ਹੋਈ ਸੀ, ਜੋ ਕਿ ਡੀ. ਐੱਮ. ਸੀ. ਹਸਪਤਾਲ ਵਿਚ ਦਾਖਲ ਹੈ।
ਇਸੇ ਤਰ੍ਹਾਂ ਦਰੇਸੀ ਇਲਾਕੇ ਦੇ ਬਾਈਕ ਲੁੱਟ ਮਾਮਲੇ ’ਚ ਬਦਮਾਸ਼ਾਂ ਨੇ ਨਾਜਾਇਜ਼ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕੀਤੀ ਸੀ। ਥਾਣਾ ਪੀ. ਏ. ਯੂ. ਦੇ ਅਧੀਨ ਵੀ ਇਕ ਨੌਜਵਾਨ ਨੇ ਹਥਿਆਰ ਨਾਲ ਸੋਸ਼ਲ ਮੀਡੀਆ ’ਤੇ ਵੀਡੀਓ ਅਤੇ ਫੋਟੋ ਅਪਲੋਡ ਕੀਤੀ ਸੀ, ਜਿਸ ਤੋਂ ਬਾਅਦ ਉਸ ’ਤੇ ਕੇਸ ਦਰਜ ਹੋਇਆ ਸੀ।
ਇਸੇ ਤਰ੍ਹਾਂ ਅੱਜ ਸਿਵਲ ਸਿਟੀ ਰੋਡ ’ਤੇ ਇਕ ਰੈਡੀਮੇਡ ਗਾਰਮੈਂਟ ਦੀ ਸ਼ਾਪ ’ਤੇ ਫਾਇਰਿੰਗ ਕੀਤੀ ਸੀ। ਗੋਲਡੀ ਬਰਾੜ ਦੇ ਨਾਂ ’ਤੇ ਉਸ ਦੁਕਾਨ ਤੋਂ ਫਿਰੌਤੀ ਮੰਗੀ ਗਈ ਸੀ। ਇਸ ਤੋਂ ਪਹਿਲਾਂ ਤਾਜਪੁਰ ਰੋਡ ਵਿਖੇ ਇਕ ਜਿਊਲਰ ਤੋਂ ਫਿਰੌਤੀ ਮੰਗੀ ਗਈ ਸੀ। ਨਾ ਦੇਣ ’ਤੇ ਗੋਲੀਆ ਮਾਰਨ ਦੀ ਧਮਕੀ ਦਿੱਤੀ ਸੀ। ਜਦੋਂ ਅਪਰਾਧੀ ਆਏ ਤਾਂ ਉਨ੍ਹਾਂ ਨੇ ਪੁਲਸ ’ਤੇ ਹੀ ਗੋਲੀਆਂ ਚਲਾ ਦਿੱਤੀਆਂ ਸਨ। ਹਾਲਾਂਕਿ ਉਨ੍ਹਾਂ ਨੂੰ ਪੁਲਸ ਨੇ ਫੜ ਲਿਆ ਸੀ। ਅਜਿਹੇ ਕਈ ਹੋਰ ਵੀ ਮਾਮਲੇ ਹਨ।
