ਮਨੀਮਾਜਰਾ ਮੋਟਰ ਮਾਰਕਿਟ ’ਚ ਕਾਰ ’ਚੋਂ ਮਿਲੀ ਲਾਸ਼, ਪੁਲਸ ਵਲੋਂ ਜਾਂਚ ਸ਼ੁਰੂ

Saturday, Jan 10, 2026 - 12:56 PM (IST)

ਮਨੀਮਾਜਰਾ ਮੋਟਰ ਮਾਰਕਿਟ ’ਚ ਕਾਰ ’ਚੋਂ ਮਿਲੀ ਲਾਸ਼, ਪੁਲਸ ਵਲੋਂ ਜਾਂਚ ਸ਼ੁਰੂ

ਚੰਡੀਗੜ੍ਹ (ਪ੍ਰੀਕਸ਼ਿਤ) : ਮਨੀਮਾਜਰਾ ਮੋਟਰ ਮਾਰਕਿਟ ’ਚ ਡੰਪ ਖੜ੍ਹੀ ਕਾਰ ’ਚ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ 35 ਸਾਲਾ ਸੰਤਲਾਲ ਦੇ ਰੂਪ ’ਚ ਹੋਈ ਹੈ। ਉਹ ਮੋਟਰ ਮਾਰਕਿਟ ’ਚ ਹੀ ਇਕ ਢਾਬੇ ’ਤੇ ਕੰਮ ਕਰਦਾ ਸੀ। ਚਾਚਾ ਮੁਕੇਸ਼ ਨੇ ਦੱਸਿਆ ਕਿ ਮ੍ਰਿਤਕ ਸੰਤਲਾਲ ਦੇ ਦੋ ਬੇਟੇ ਤੇ ਬੇਟੀ ਹੈ, ਜੋ ਪਿੰਡ ’ਚ ਰਹਿੰਦੇ ਹਨ। ਸੰਤਲਾਲ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਮੋਟਰ ਮਾਰਕਿਟ ’ਚ ਇੱਧਰ-ਉੱਧਰ ਸੌਂ ਜਾਂਦਾ ਸੀ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਜ਼ਿਆਦਾ ਸ਼ਰਾਬ ਪੀਣ ਤੇ ਕੜਾਕੇ ਦੀ ਠੰਡ ਕਾਰਨ ਮੌਤ ਹੋਈ ਹੋਵੇਗੀ੍। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਮੌਤ ਦਾ ਸਹੀ ਕਾਰਨ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਜਾਣਕਾਰੀ ਅਨੁਸਾਰ ਵੀਰਵਾਰ ਰਾਤ ਸੰਤਲਾਲ ਸ਼ਰਾਬ ਪੀਣ ਤੋਂ ਬਾਅਦ ਮੋਟਰ ਮਾਰਕਿਟ ’ਚ ਖੜ੍ਹੀ ਇਕ ਕਾਰ ’ਚ ਸੌਂ ਗਿਆ। ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਕਾਰ ਮਕੈਨਿਕ ਅਜੀਤ ਆਇਆ ਅਤੇ ਜਿਵੇਂ ਹੀ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ, ਸੰਤਲਾਲ ਬੇਸੁੱਧ ਪਿਆ ਸੀ। ਅਜੀਤ ਨੇ ਤੁਰੰਤ ਪੁਲਸ ਅਤੇ ਸੰਤਲਾਲ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮਨੀਮਾਜਰਾ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਮੌਕੇ ’ਤੇ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਜ਼ਰੂਰੀ ਨਮੂਨੇ ਲਏ ਗਏ। ਇਸ ਤੋਂ ਬਾਅਦ ਲਾਸ਼ ਨੂੰ ਹਿਰਾਸਤ ’ਚ ਲੈ ਕੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਦੇ ਮੁਰਦਾ ਘਰ ’ਚ ਰੱਖਿਆ ਗਿਆ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।


author

Babita

Content Editor

Related News