ਸਤਲੁਜ ਦਰਿਆ ਅੰਦਰ ਚਲਾਏ ਜਾ ਰਹੇ ਨਾਜਾਇਜ਼ ਰੇਤ ਦੇ ਕਾਰੋਬਾਰ ’ਤੇ ਪੁਲਸ ਦੀ ਰੇਡ, 2 ਜੇਸੀਬੀ ਤੇ 3 ਟਿੱਪਰ ਜ਼ਬਤ

Thursday, Jan 15, 2026 - 10:10 AM (IST)

ਸਤਲੁਜ ਦਰਿਆ ਅੰਦਰ ਚਲਾਏ ਜਾ ਰਹੇ ਨਾਜਾਇਜ਼ ਰੇਤ ਦੇ ਕਾਰੋਬਾਰ ’ਤੇ ਪੁਲਸ ਦੀ ਰੇਡ, 2 ਜੇਸੀਬੀ ਤੇ 3 ਟਿੱਪਰ ਜ਼ਬਤ

ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੀ ਪੁਲਸ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਬੂਟ ਦੇ ਸਤਲੁਜ ਦਰਿਆ ’ਚ ਰੇਤ ਮਾਫੀਆ ਵਲੋਂ ਚਲਾਏ ਜਾ ਰਹੇ ਨਾਜਾਇਜ਼ ਰੇਤ ਦੇ ਕਾਰੋਬਾਰ ’ਤੇ ਛਾਪੇਮਾਰੀ ਕਰਦੇ ਹੋਏ ਨਾਜਾਇਜ਼ ਰੇਤ ਦੀ ਖੁਦਾਈ ਕਰਨ ਵਾਲੀ ਜੇ. ਸੀ. ਬੀ. ਮਸ਼ੀਨਾਂ ਅਤੇ ਟਿੱਪਰਾਂ ਨੂੰ ਜ਼ਬਤ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਗਸ਼ਤ ਦੌਰਾਨ ਪਿੰਡ ਮਾਂਗਟ ਵਿਚ ਮੌਜੂਦ ਸੀ। ਇਸੇ ਦੌਰਾਨ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਪਿੰਡ ਬੂਟ ਨੇੜੇ ਦਰਿਆ ਅੰਦਰ ਕੁਝ ਲੋਕ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖੁਸ਼ਖਬਰੀ; ਮਕਰ ਸੰਕ੍ਰਾਂਤੀ 'ਤੇ ਖੁੱਲ੍ਹੀ ਇਤਿਹਾਸਕ 'ਕੁਦਰਤੀ ਗੁਫਾ'

ਥਾਣਾ ਮੇਹਰਬਾਨ ਦੀ ਪੁਲਸ ਨੇ ਉਕਤ ਸੂਚਨਾ ਦੇ ਆਧਾਰ ’ਤੇ ਪਿੰਡ ਬੂਟ ਵਿਚ ਚੱਲ ਰਹੇ ਨਾਜਾਇਜ਼ ਰੇਤ ਦੇ ਕਾਰੋਬਾਰ ’ਤੇ ਛਾਪੇਮਾਰੀ ਕੀਤੀ ਗਈ। ਉਕਤ ਛਾਪੇਮਾਰੀ ਦੌਰਾਨ ਪੁਲਸ ਵਲੋਂ ਮੌਕੇ ’ਤੇ ਰੇਤ ਦੀ ਖੁਦਾਈ ਕਰਨ ਵਾਲੀਆਂ 2 ਜੇ. ਸੀ. ਬੀ. ਮਸ਼ੀਨਾਂ ਅਤੇ ਨਾਜਾਇਜ਼ ਰੇਤ ਨਾਲ ਭਰੇ 3 ਟਿੱਪਰਾਂ ਨੂੰ ਜ਼ਬਤ ਕੀਤਾ ਗਿਆ। ਜਦਕਿ ਖੁਦਾਈ ਕਰਨ ਵਾਲੇ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਜੋ ਜੇ. ਸੀ. ਬੀ. ਮਸ਼ੀਨਾਂ ਅਤੇ ਟਿੱਪਰਾਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ਦੇ ਮਾਲਕਾਂ ਦਾ ਰਿਕਾਰਡ ਆਰ. ਟੀ. ਓ. ਦਫਤਰ ਤੋਂ ਕਢਵਾਇਆ ਜਾਵੇਗਾ ਅਤੇ ਵਾਹਨਾਂ ਦੇ ਮਾਲਕਾਂ ਨੂੰ ਗ੍ਰਿਫਤਾਰ ਕਰਕੇ ਉਕਤ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 10 ਮਿੰਟਾਂ 'ਚ ਡਿਲੀਵਰੀ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਕੰਪਨੀਆਂ ਲਈ ਜਾਰੀ ਹੋਏ ਨਿਰਦੇਸ਼

ਜਦੋਂ ਉਕਤ ਮਾਮਲੇ ਸਬੰਧੀ ਮਾਈਨਿੰਗ ਵਿਭਾਗ ਦੇ ਐਕਸੀਅਨ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਬੂਟ ਵਿਚ ਜੋ ਰੇਤ ਦੀ ਖੱਡ ਚਲਾਈ ਜਾ ਰਹੀ ਹੈ, ਉਸ ਨੂੰ ਪੰਜਾਬ ਸਰਕਾਰ ਵਲੋਂ ਪਰਮਿਸ਼ਨ ਦਿੱਤੀ ਗਈ ਹੈ। ਥਾਣਾ ਮੇਹਰਬਾਨ ਦੀ ਪੁਲਸ ਵਲੋਂ ਪਿੰਡ ਬੂਟ ਵਿਚ ਜਿਸ ਜਗ੍ਹਾ ਛਾਪੇਮਾਰੀ ਕਰਦਿਆਂ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਸ ਮਾਮਲੇ ਸਬੰਧੀ ਮਾਈਨਿੰਗ ਵਿਭਾਗ ਵਲੋਂ ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਏ ਉਨ੍ਹਾਂ ਸਬੰਧੀ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇਗੀ।


author

Sandeep Kumar

Content Editor

Related News