ਢਾਬਿਆਂ ''ਤੇ ਸ਼ਰਾਬ ਪਿਆਉਣ ਵਾਲਿਆਂ ਖ਼ਿਲਾਫ਼ ਵੱਡਾ ਐਕਸ਼ਨ, ਐਕਸਾਈਜ਼ ਵਿਭਾਗ ਨੇ ਕੀਤੀ ਸਖ਼ਤੀ

Thursday, Jan 08, 2026 - 11:56 AM (IST)

ਢਾਬਿਆਂ ''ਤੇ ਸ਼ਰਾਬ ਪਿਆਉਣ ਵਾਲਿਆਂ ਖ਼ਿਲਾਫ਼ ਵੱਡਾ ਐਕਸ਼ਨ, ਐਕਸਾਈਜ਼ ਵਿਭਾਗ ਨੇ ਕੀਤੀ ਸਖ਼ਤੀ

ਖਰੜ (ਰਣਬੀਰ) : ਖਰੜ ਅਤੇ ਮੋਹਾਲੀ ਖੇਤਰ ’ਚ ਢਾਬਿਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਗ਼ਲਤ ਤਰੀਕੇ ਨਾਲ ਬਿਠਾ ਕੇ ਸ਼ਰਾਬ ਪਿਆਉਣ ਦੇ ਮਾਮਲਿਆਂ ਨੂੰ ਲੈ ਕੇ ਐਕਸਾਈਜ਼ ਵਿਭਾਗ ਨੇ ਸਖ਼ਤ ਰੁਖ਼ ਅਪਣਾਇਆ ਹੈ। ਇਸ ਸਬੰਧੀ ਐਕਸਾਈਜ਼ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਢਾਬਿਆਂ ਅਤੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਨੇ ਪੁਲਸ ਟੀਮ ਦੇ ਨਾਲ ਮਿਲ ਕੇ ਨਿਊ ਸੰਨੀ ਇਨਕਲੇਵ ਦੀ ਮਾਰਕੀਟ ਤੇ ਖਰੜ-ਲਾਂਡਰਾਂ ਰੋਡ ’ਤੇ ਸਥਿਤ ਢਾਬਿਆਂ ਅਤੇ ਦੁਕਾਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ।

ਜਾਂਚ ਦੌਰਾਨ ਟੀਮ ਨੇ ਪਾਇਆ ਕਿ ਖਰੜ-ਲਾਂਡਰਾਂ ਰੋਡ ’ਤੇ ਸਥਿਤ ਫਿਸ਼ ਕਾਰਨਰ ਦੇ ਅੰਦਰ ਗਾਹਕਾਂ ਨੂੰ ਸ਼ਰੇਆਮ ਸ਼ਰਾਬ ਪਿਆਈ ਜਾ ਰਹੀ ਸੀ, ਜੋ ਕਿ ਐਕਸਾਈਜ਼ ਨਿਯਮਾਂ ਦੀ ਉਲੰਘਣਾ ਹੈ। ਮੌਕੇ ’ਤੇ ਕਾਰਵਾਈ ਕਰਦਿਆਂ ਵਿਭਾਗ ਨੇ ਸਬੰਧਿਤ ਦੁਕਾਨਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਟੀਮ ਨੇ ਮੌਕੇ ਤੋਂ ਲੋੜੀਂਦੇ ਸਬੂਤ ਵੀ ਇਕੱਠੇ ਕੀਤੇ ਅਤੇ ਦੁਕਾਨਦਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਭਵਿੱਖ ’ਚ ਇਸ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਵਿਸ਼ੇਸ਼ ਮੁਹਿੰਮ ਐਕਸਾਈਜ਼ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਹਾਇਕ ਕਮਿਸ਼ਨਰ ਅਸ਼ੋਕ ਚਲਹੋਤਰਾ ਦੇ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਹੈ ਅਤੇ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਮਕਸਦ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਾ ਅਤੇ ਖੇਤਰ ’ਚ ਕਾਨੂੰਨ-ਵਿਵਸਥਾ ਬਣਾਈ ਰੱਖਣਾ ਹੈ।
 


author

Babita

Content Editor

Related News