ਨਾਜਾਇਜ਼ ਮਾਈਨਿੰਗ ਰੋਕਣ ਗਏ ਵਿਅਕਤੀ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Monday, Jan 19, 2026 - 05:12 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਅਤੇ ਭਰੀਆਂ ਟਰਾਲੀਆਂ ਰੋਕਣ ’ਤੇ ਪਪਿੰਦਰ ਸਿੰਘ ਵਾਸੀ ਪਿੰਡ ਨਾਨੋਵਾਲ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ’ਤੇ ਪੁਲਸ ਨੇ ਇਹ ਹਮਲਾ ਕਰਨ ਵਾਲੇ ਵਿਅਕਤੀ ਪਿਤਾ ਹੇਮ ਸਿੰਘ, ਪੁੱਤਰ ਹਰਦੀਪ ਸਿੰਘ, ਪਰਦੀਪ ਸਿੰਘ, ਗੁਰਦੀਪ ਸਿੰਘ ਵਾਸੀ ਸ਼ੇਰਪੁਰ ਬਸਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪਪਿੰਦਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਪਿੰਡ ਚਕਲੀ ਕਾਸਬ ਜੋ ਮਾਛੀਵਾੜਾ ਥਾਣਾ ਅਧੀਨ ਪੈਂਦਾ ਹੈ, ਜਿੱਥੇ ਉਸ ਵਲੋਂ ਤੇ ਸਰਪੰਚ ਸ਼ਰਨਜੀਤ ਸਿੰਘ ਵਲੋਂ ਪਿੰਡ ’ਚੋਂ ਲੰਘਣ ਵਾਲੀਆਂ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਕੇ ਆਉਣ ਵਾਲੀਆਂ ਟਰਾਲੀਆਂ ਨੂੰ ਰੋਕ ਕੇ ਇਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਬੰਦ ਕਰਨ ਲਈ ਕਿਹਾ ਸੀ।
ਨਾਜਾਇਜ਼ ਮਾਈਨਿੰਗ ਰੋਕਣ ’ਤੇ ਹੇਮ ਸਿੰਘ, ਉਸਦੇ ਪੁੱਤਰ ਹਰਦੀਪ ਸਿੰਘ, ਪਰਦੀਪ ਸਿੰਘ ਤੇ ਗੁਰਦੀਪ ਸਿੰਘ ਉਸ ਨਾਲ ਗਾਲੀ-ਗਲੋਚ ਕਰਨ ਲੱਗੇ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਕਤ ਵਿਅਕਤੀਆਂ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਸਿਰ ਵਿਚ ਸੱਟ ਲੱਗਣ ਕਾਰਨ ਉਸਨੇ ਆਪਣੀ ਜਾਨ ਬਚਾਉਣ ਦਾ ਰੌਲਾ ਪਾਇਆ। ਜਖ਼ਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਬਿਆਨਕਰਤਾ ਅਨੁਸਾਰ ਨਾਜਾਇਜ ਮਾਈਨਿੰਗ ਰੋਕਣ ਦੀ ਰੰਜਿਸ਼ ਕਾਰਨ ਉਸ ਉੱਪਰ ਇਹ ਹਮਲਾ ਕੀਤਾ ਗਿਆ। ਪੁਲਸ ਵਲੋਂ ਫਿਲਹਾਲ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
