ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਫੇਰੀ ਰਾਹੀਂ ਇਕੋ ਤੀਰ ਨਾਲ ਕਈ ਨਿਸ਼ਾਨੇ, ਪੰਜਾਬ ਦੀ ਸਿਆਸਤ 'ਚ ਵੱਡੇ ਸੰਕੇਤ

Saturday, Jul 18, 2026 - 11:21 AM (IST)

ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਫੇਰੀ ਰਾਹੀਂ ਇਕੋ ਤੀਰ ਨਾਲ ਕਈ ਨਿਸ਼ਾਨੇ, ਪੰਜਾਬ ਦੀ ਸਿਆਸਤ 'ਚ ਵੱਡੇ ਸੰਕੇਤ

ਚੰਡੀਗੜ੍ਹ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲੰਧਰ ਦੌਰਾ ਸਿਰਫ਼ ਸਰਕਾਰੀ ਸਮਾਗਮ ਜਾਂ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਤੱਕ ਹੀ ਸੀਮਿਤ ਨਹੀਂ ਰਿਹਾ। ਭਾਜਪਾ ਨੇ ਇਸ ਨੂੰ ਪੰਜਾਬ ਵਿਚ ਆਪਣੀ ਰਾਜਨੀਤਿਕ ਰਣਨੀਤੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਵਜੋਂ ਪੇਸ਼ ਕੀਤਾ। ਖ਼ਾਸ ਗੱਲ ਇਹ ਰਹੀ ਕਿ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਸਾਨਾਂ, ਸਿੱਖਾਂ, ਦਲਿਤਾਂ, ਉਦਯੋਗ, ਨੌਜਵਾਨਾਂ ਅਤੇ ਵਿਕਾਸ ਵਰਗੇ ਸਾਰੇ ਅਹਿਮ ਮੁੱਦਿਆਂ ਨੂੰ ਇਕੱਠੇ ਜੋੜਨ ਦੀ ਕੋਸ਼ਿਸ਼ ਕੀਤੀ। ਰਾਜਨੀਤਿਕ ਵਿਸ਼ਲੇਸ਼ਕਾਂ ਦੀ ਨਜ਼ਰ ਵਿਚ ਇਹ ਦੌਰਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ “ਵਿਸਥਾਰ ਅਭਿਆਨ” ਦਾ ਸੰਕੇਤ ਹੈ। ਪੰਜਾਬ ਵਿਚ ਭਾਜਪਾ ਲੰਮੇ ਸਮੇਂ ਤੱਕ ਸ਼ਹਿਰੀ ਹਿੰਦੂ ਵੋਟਾਂ ਤੱਕ ਸੀਮਿਤ ਪਾਰਟੀ ਮੰਨੀ ਜਾਂਦੀ ਰਹੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਲਗਾਤਾਰ ਆਪਣਾ ਸੁਤੰਤਰ ਜਨਾਧਾਰ ਤਿਆਰ ਕਰਨ ਵਿਚ ਜੁਟੀ ਹੋਈ ਹੈ। ਜਲੰਧਰ ਦੀ ਰੈਲੀ ਵਿਚ ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ, ਪੰਜਾਬੀ ਭਾਸ਼ਾ ਵਿਚ ਸੰਬੋਧਨ ਕੀਤਾ ਅਤੇ ਕਿਸਾਨਾਂ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ, ਉਸ ਤੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਨਜ਼ਰ ਆਈ ਕਿ ਭਾਜਪਾ ਹੁਣ ਸਿਰਫ਼ ਇਕ ਵਰਗ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਰਾਜਨੀਤਿਕ ਪੱਖੋਂ ਜਲੰਧਰ ਅਤੇ ਸਮੁੱਚਾ ਦੁਆਬਾ ਖੇਤਰ ਭਾਜਪਾ ਲਈ ਸਭ ਤੋਂ ਉਚਿਤ ਪ੍ਰਯੋਗਸ਼ਾਲਾ ਮੰਨਿਆ ਜਾ ਰਿਹਾ ਹੈ। ਇਸ ਖੇਤਰ ਵਿਚ ਦਲਿਤ ਆਬਾਦੀ ਵੱਡੀ ਗਿਣਤੀ ਵਿਚ ਹੈ, ਜਦਕਿ ਸਿੱਖ ਅਤੇ ਸ਼ਹਿਰੀ ਵੋਟਰ ਵੀ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਭਾਜਪਾ ਇੱਕੋ ਮੰਚ ਤੋਂ ਸਮਾਜਿਕ ਸੰਤੁਲਨ ਬਣਾਉਣ ਦੀ ਰਣਨੀਤੀ 'ਤੇ ਕੰਮ ਕਰਦੀ ਨਜ਼ਰ ਆਈ। ਇਸ ਦੌਰੇ ਦਾ ਦੂਜਾ ਵੱਡਾ ਸੰਦੇਸ਼ ਵਿਰੋਧੀ ਧਿਰ ਲਈ ਸੀ। ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਿਕਾਸ, ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਵਰਗੇ ਮੁੱਦਿਆਂ 'ਤੇ ਨਿਸ਼ਾਨਾ ਸਾਧਦਿਆਂ ਭਾਜਪਾ ਨੇ ਇਹ ਸੰਕੇਤ ਦਿੱਤਾ ਕਿ ਉਹ ਪੰਜਾਬ ਵਿਚ ਆਪਣੇ ਆਪ ਨੂੰ ਮੁੱਖ ਵਿਰੋਧੀ ਬਦਲ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ। ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਮਿਤ ਹੁੰਦੇ ਪ੍ਰਭਾਵ ਦੇ ਦਰਮਿਆਨ ਭਾਜਪਾ ਰਾਜਨੀਤਿਕ ਖਾਲੀ ਥਾਂ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ

ਹਾਲਾਂਕਿ ਭਾਜਪਾ ਅੱਗੇ ਚੁਣੌਤੀਆਂ ਵੀ ਘੱਟ ਨਹੀਂ ਹਨ। ਕਿਸਾਨ ਅੰਦੋਲਨ ਤੋਂ ਬਾਅਦ ਪੇਂਡੂ ਪੰਜਾਬ ਵਿਚ ਪਾਰਟੀ ਪ੍ਰਤੀ ਬਣੀ ਦੂਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਸਰਹੱਦੀ ਖੇਤਰਾਂ ਵਿਚ ਸੁਰੱਖਿਆ, ਐੱਮਐੱਸਪੀ, ਖੇਤੀਬਾੜੀ ਨੀਤੀ ਅਤੇ ਸੰਘੀ ਢਾਂਚੇ ਵਰਗੇ ਮੁੱਦਿਆਂ 'ਤੇ ਭਾਜਪਾ ਨੂੰ ਅਜੇ ਵੀ ਲੋਕਾਂ ਦਾ ਭਰੋਸਾ ਜਿੱਤਣਾ ਹੋਵੇਗਾ। ਸਿਰਫ਼ ਵੱਡੇ ਸਮਾਗਮਾਂ ਅਤੇ ਐਲਾਨਾਂ ਨਾਲ ਇਹ ਦੂਰੀ ਘਟਾਉਣਾ ਆਸਾਨ ਨਹੀਂ ਮੰਨਿਆ ਜਾ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਪੰਜਾਬ ਦੌਰੇ ਇਹ ਸੰਕੇਤ ਦਿੰਦੇ ਹਨ ਕਿ ਪਾਰਟੀ ਨੇ ਹੁਣ ਸੂਬੇ ਨੂੰ ਰਾਜਨੀਤਿਕ ਤੌਰ 'ਤੇ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਗੁਰਦਾਸਪੁਰ, ਫਿਰ ਅੰਮ੍ਰਿਤਸਰ ਅਤੇ ਹੁਣ ਜਲੰਧਰ ਵਿਚ ਸਰਗਰਮੀ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ 2027 ਦੀਆਂ ਚੋਣਾਂ ਵਿਚ ਸਿਰਫ਼ ਹਾਜ਼ਰੀ ਲਗਵਾਉਣ ਲਈ ਨਹੀਂ, ਸਗੋਂ ਸੀਟਾਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧੇ ਦੇ ਟੀਚੇ ਨਾਲ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ : 7 ਰੁਪਏ ਨੇ ਬਦਲੀ ਬੰਦੇ ਦੀ ਕਿਸਮਤ, ਕੁਝ ਘੰਟਿਆਂ 'ਚ ਬਣ ਗਿਆ ਲੱਖ ਪਤੀ

ਕੁੱਲ ਮਿਲਾ ਕੇ, ਜਲੰਧਰ ਦੀ ਇਹ ਫੇਰੀ ਸਿਰਫ਼ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਮਾਗਮ ਨਹੀਂ ਸੀ, ਸਗੋਂ ਪੰਜਾਬ ਦੀ ਬਦਲਦੀ ਰਾਜਨੀਤੀ ਵਿਚ ਭਾਜਪਾ ਦੀ ਨਵੀਂ ਰਣਨੀਤੀ ਦਾ ਜਨਤਕ ਪ੍ਰਦਰਸ਼ਨ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਪ੍ਰਧਾਨ ਮੰਤਰੀ ਦੀ ਇਹ ਸਰਗਰਮੀ ਭਾਜਪਾ ਨੂੰ ਪੇਂਡੂ ਅਤੇ ਸਿੱਖ ਵੋਟਰਾਂ ਵਿਚ ਨਵੀਂ ਸਵੀਕਾਰਤਾ ਦਿਵਾ ਸਕਦੀ ਹੈ ਜਾਂ ਫਿਰ ਇਹ ਯਤਨ ਸਿਰਫ਼ ਚੋਣੀ ਸੰਦੇਸ਼ ਤੱਕ ਹੀ ਸੀਮਿਤ ਰਹਿ ਜਾਂਦਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਤੈਅ ਕਰਨ ਵਾਲੀ ਰਾਜਨੀਤਿਕ ਹਲਚਲ ਦੀ ਸ਼ੁਰੂਆਤ ਇਸ ਦੌਰੇ ਤੋਂ ਮੰਨੀ ਜਾ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News