ਸੱਪ ਦੇ ਡੰਗਣ ਨਾਲ ਬਜ਼ੁਰਗ ਮਹਿਲਾ ਦੀ ਮੌਤ!
Monday, Jul 20, 2026 - 05:03 PM (IST)
ਮਹਿਲ ਕਲਾਂ (ਹਮੀਦੀ): ਪਿੰਡ ਬਖ਼ਤਗੜ੍ਹ ਵਿਚ ਐਤਵਾਰ ਨੂੰ ਉਸ ਵੇਲੇ ਦੁੱਖਦਾਈ ਘਟਨਾ ਵਾਪਰੀ ਜਦੋਂ ਮੱਕੀ ਦੇ ਖੇਤ ਵਿਚ ਕੰਮ ਕਰ ਰਹੀ ਇਕ ਮਜ਼ਦੂਰ ਮਹਿਲਾ ਦੀ ਸੱਪ ਦੇ ਡੰਗ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬਖ਼ਤਗੜ੍ਹ ਦੀ ਰਹਿਣ ਵਾਲੀ 62 ਸਾਲਾ ਇੰਦਰਜੀਤ ਕੌਰ ਪਤਨੀ ਜਗਰਾਜ ਸਿੰਘ ਇਕ ਕਿਸਾਨ ਦੇ ਮੱਕੀ ਦੇ ਖੇਤ ਵਿਚ ਮਜ਼ਦੂਰੀ ਕਰ ਰਹੀ ਸੀ। ਇਸ ਦੌਰਾਨ ਅਚਾਨਕ ਇਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਸੱਪ ਦੇ ਜ਼ਹਿਰ ਦਾ ਅਸਰ ਇੰਨਾ ਤੇਜ਼ ਸੀ ਕਿ ਇੰਦਰਜੀਤ ਕੌਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਫੈਲ ਗਈ।
ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕਾ ਦਾ ਪਰਿਵਾਰ ਬਹੁਤ ਹੀ ਗਰੀਬ ਹੈ । ਉਨ੍ਹਾਂ ਪੰਚਾਇਤ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਨੂੰ ਤੁਰੰਤ ਯੋਗ ਆਰਥਿਕ ਮੁਆਵਜ਼ਾ ਅਤੇ ਬਣਦੀ ਹਰ ਸੰਭਵ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
