ਭਵਾਨੀਗੜ੍ਹ ਪੁਲਸ ਦਾ ਐਕਸ਼ਨ! ਚੋਰੀ ਦੇ 5 ਮੋਟਰਸਾਈਕਲ, 410 ਲੀਟਰ ਲਾਹਣ ਤੇ 7 ਗ੍ਰਾਮ ਚਿੱਟਾ ਬਰਾਮਦ
Thursday, Jul 09, 2026 - 06:11 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ/ਕਾਂਸਲ)- ਭਵਾਨੀਗੜ੍ਹ ਪੁਲਸ ਨੇ ਚੋਰੀ ਦੇ ਮੋਟਰਸਾਈਕਲਾਂ ਦੀਆਂ ਵਾਰਦਾਤਾਂ ਵਿਚ ਸ਼ਾਮਲ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ 5 ਬਿਨਾਂ ਨੰਬਰੀ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਤਿੰਨ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਸ ਮੁਤਾਬਕ ਸੁਖਜੀਤ ਸਿੰਘ ਵਾਸੀ ਨਾਗਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਮੁਖਬਰ ਦੀ ਇਤਲਾਹ ਦੇ ਆਧਾਰ 'ਤੇ ਪੁਲਸ ਨੇ ਧਰਮਿੰਦਰ ਦਾਸ ਉਰਫ਼ ਬਿੱਕਾ ਵਾਸੀ ਪਿੰਡ ਝਨੇੜੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਮੁਲਜ਼ਮ ਦੇ ਇੰਕਸ਼ਾਫ਼ 'ਤੇ ਵੱਖ-ਵੱਖ ਥਾਵਾਂ ਤੋਂ 5 ਬਿਨ੍ਹਾਂ ਨੰਬਰੀ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲਸ ਵੱਲੋਂ ਗਿਰੋਹ ਦੇ ਹੋਰ ਨਾਮਜ਼ਦ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੁਲਸ ਨੇ ਨਾਜਾਇਜ਼ ਸ਼ਰਾਬ ਖ਼ਿਲਾਫ਼ ਕਾਰਵਾਈ ਕਰਦਿਆਂ ਪਿੰਡ ਰੇਤਗੜ੍ਹ ਦੇ ਬਲਵੀਰ ਸਿੰਘ ਉਰਫ਼ ਬੀਰੂ ਨੂੰ 410 ਲੀਟਰ ਲਾਹਣ ਤੇ ਸ਼ਰਾਬ ਬਣਾਉਣ ਵਾਲੇ ਸਾਮਾਨ ਸਮੇਤ ਕਾਬੂ ਕੀਤਾ। ਏ.ਐੱਸ.ਆਈ. ਦਰਸ਼ਨ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਮਿਲੀ ਮੁਖਬਰ ਦੀ ਸੂਚਨਾ 'ਤੇ ਪੁਲਸ ਨੇ ਮੁਲਜ਼ਮ ਦੇ ਘਰ ਰੇਡ ਕਰਕੇ ਇਹ ਬਰਾਮਦਗੀ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਕਾਰਵਾਈ ਦੌਰਾਨ ਚੌਂਕੀ ਕਾਲਾਝਾੜ ਪੁਲਸ ਨੇ 7 ਗ੍ਰਾਮ ਚਿੱਟੇ (ਹੈਰੋਇਨ) ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਵੀ ਸਿੰਘ ਵਾਸੀ ਪਿੰਡ ਖੇੜੀਗਿੱਲਾਂ ਵਜੋਂ ਹੋਈ ਹੈ। ਪੁਲਸ ਅਨੁਸਾਰ ਚੌਂਕੀ ਕਾਲਾਝਾੜ ਦੇ ਇੰਚਾਰਜ ਸਹਾਇਕ ਥਾਣੇਦਾਰ ਸਤਵੰਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਪਿੰਡ ਚੰਨੋ ਤੋਂ ਖੇੜੀਗਿੱਲਾਂ ਵੱਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਐੱਨਐੱਚ-7 'ਤੇ ਸੂਏ ਦੀ ਪਟੜੀ ਕੋਲ ਖੜ੍ਹੇ ਮੁਲਜ਼ਮ ਨੇ ਪੁਲਸ ਦੀ ਗੱਡੀ ਦੇਖ ਕੇ ਆਪਣੇ ਹੱਥ ਵਿਚਲਾ ਲਿਫਾਫਾ ਸੁੱਟ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਦੌਰਾਨ ਉਸ ਵਿਚੋਂ 7 ਗ੍ਰਾਮ ਚਿੱਟਾ/ਹੈਰੋਇਨ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
