ਸਕੂਟਰੀ ''ਤੇ ਜਾਂਦੀਆਂ ਨੂੰਹ-ਸੱਸ ਨੂੰ ਟਰੱਕ ਨੇ ਮਾਰੀ ਟੱਕਰ, ਨੂੰਹ ਨੇ ਤੋੜਿਆ ਦਮ
Thursday, Jul 09, 2026 - 12:53 PM (IST)
ਭਵਾਨੀਗੜ੍ਹ (ਕਾਂਸਲ)- ਸਥਾਨਕ ਇਲਾਕੇ ’ਚੋਂ ਲੰਘਦੇ ਨੈਸ਼ਨਲ ਹਾਈਵੇਅ ਨੰਬਰ 7 ਉੱਪਰ ਅੱਜ ਸਵੇਰੇ ਪਿੰਡ ਫੱਗੂਵਾਲਾ ਵਿਖੇ ਇਕ ਸਕੂਟਰੀ ਦੇ ਇਕ ਟਰੱਕ ਦੀ ਲਪੇਟ ’ਚ ਆ ਜਾਣ ਕਾਰਨ ਹੋਏ ਦਰਦਨਾਕ ਹਾਦਸੇ ’ਚ ਸਕੂਟਰੀ ਸਵਾਰ ਸੱਸ ਨੂੰਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ। ਨੂੰਹ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 12 ਦੀ ਕੌਂਸਲਰ ਬਿੰਦਰੋ ਦੇਵੀ ਦੇ ਪਤੀ ਜੰਮੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਗਾਂਧੀ ਨਗਰ ਦੀਆਂ ਦੋ ਮਹਿਲਾਵਾਂ ਜੋ ਰਿਸ਼ਤੇ ’ਚ ਸੱਸ ਨੂੰਹ ਸਨ, ਅੱਜ ਕਿਸੇ ਕੰਮ ਲਈ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾ ਰਾਹੀਆਂ ਸਨ ਅਤੇ ਜਦੋਂ ਇਹ ਪਿੰਡ ਫੱਗੂਵਾਲਾ ਵਿਖੇ ਹਾਈਵੇਅ ਵਿਚਕਾਰ ਬਣੇ ਕੱਟ ਨੇੜੇ ਪਹੁੰਚੀਆਂ ਤਾਂ ਇੱਥੇ ਇਨ੍ਹਾਂ ਦੀ ਸਕੂਟਰੀ ਦੀ ਇਕ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ ਅਤੇ ਇਸ ਹਾਦਸੇ ’ਚ ਸਕੂਟਰੀ ਸਵਾਰ ਪਰਮਜੀਤ ਕੌਰ ਪੰਮੀ ਪਤਨੀ ਜੌਗਿੰਦਰ ਰਾਮ ਉਰਫ ਕੂੱਕਾ ਵਾਸੀ ਗਾਂਧੀ ਨਗਰ ਅਤੇ ਉਸ ਦੀ ਨੂੰਹ ਮਨਜੀਤ ਕੌਰ ਪਤਨੀ ਸੋਨੂੰ ਕੁਮਾਰ ਦੋਵੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਥੋਂ ਲੰਘ ਰਹੇ ਐੱਸ.ਪੀ ਸੰਗਰੂਰ ਨਵਰੀਤ ਸਿੰਘ ਤੂਰ ਨੇ ਕਿਸੇ ਸਾਧਨ ਰਾਹੀ ਇਲਾਜ ਲਈ ਤੁਰੰਤ ਸੰਗਰੂਰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਹਸਪਤਾਲ ਪਹੁੰਚ ਕੇ ਮਨਜੀਤ ਕੌਰ ਨੇ ਜਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਇਸ ਹਾਦਸੇ ’ਚ ਸੱਸ ਪਰਮਜੀਤ ਕੌਰ ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਸੀ, ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ।
