ਪੰਜਾਬ ''ਚ ਬਦਲ ਰਹੇ ਸਿਆਸੀ ਸਮੀਕਰਨ! ਦਿੱਲੀ ''ਚ ਹੋਈ ਸੁਲ੍ਹਾ ਪਰ ਪੰਜਾਬ ''ਚ ਸਸਪੈਂਸ ਬਰਕਰਾਰ

Friday, Jul 17, 2026 - 11:03 AM (IST)

ਪੰਜਾਬ ''ਚ ਬਦਲ ਰਹੇ ਸਿਆਸੀ ਸਮੀਕਰਨ! ਦਿੱਲੀ ''ਚ ਹੋਈ ਸੁਲ੍ਹਾ ਪਰ ਪੰਜਾਬ ''ਚ ਸਸਪੈਂਸ ਬਰਕਰਾਰ

ਚੰਡੀਗੜ੍ਹ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪੰਜਾਬ ਕਾਂਗਰਸ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਰਮਿਆਨ ਦਿੱਲੀ ਤੋਂ ਸਾਹਮਣੇ ਆਈਆਂ ਤਸਵੀਰਾਂ ਅਤੇ ਬਿਆਨਾਂ ਨੇ ਇਕ ਨਵੀਂ ਸਿਆਸੀ ਕਹਾਣੀ ਨੂੰ ਜਨਮ ਦਿੱਤਾ ਹੈ। ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਹਾਈਕਮਾਂਡ ਨਾਲ ਹੋਈ ਲੰਬੀ ਮੀਟਿੰਗ ਤੋਂ ਬਾਅਦ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਵਿਚ "ਆਲ ਇਜ਼ ਵੈਲ" ਹੈ। ਹਾਲਾਂਕਿ ਸਿਆਸੀ ਮਾਹਿਰ ਇਸ ਨੂੰ "ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ" ਵਜੋਂ ਦੇਖ ਰਹੇ ਹਨ।

ਦਿੱਲੀ ਦਰਬਾਰ ਵਿਚ ਹੋਈ ਇਸ ਸੁਲ੍ਹਾ ਨੇ ਪੰਜਾਬ ਦੀ ਸਿਆਸਤ ਵਿਚ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ—ਕੀ ਚੰਨੀ ਦੀ ਵਫ਼ਾਦਾਰੀ ਦੇ ਦਾਅਵਿਆਂ ਤੋਂ ਬਾਅਦ ਵਾਕਈ ਵਚਰਸਵ ਦੀ ਲੜਾਈ ਠੰਢੀ ਪੈ ਗਈ ਹੈ ਜਾਂ ਇਹ ਆਉਣ ਵਾਲੇ ਕਿਸੇ ਵੱਡੇ ਸਿਆਸੀ ਫੇਰਬਦਲ ਦਾ ਸੰਕੇਤ ਹੈ?

ਦਿੱਲੀ ਵਿਚ 'ਸਰੈਂਡਰ' ਜਾਂ ਸੋਚੀ-ਸਮਝੀ ਰਣਨੀਤੀ?

ਦਿੱਲੀ ਵਿਚ ਏ.ਆਈ.ਸੀ.ਸੀ. ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਸੁਰ ਕਾਫ਼ੀ ਬਦਲੇ ਹੋਏ ਨਜ਼ਰ ਆਏ। ਉਨ੍ਹਾਂ ਸਪੱਸ਼ਟ ਕਿਹਾ ਕਿ "ਹਾਈਕਮਾਂਡ ਦਾ ਹਰ ਫ਼ੈਸਲਾ ਸਰਵਉੱਚ ਹੈ" ਅਤੇ ਉਹ ਪਾਰਟੀ ਦੀ ਵਿਚਾਰਧਾਰਾ ਦੇ ਖ਼ਿਲਾਫ਼ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚੰਨੀ ਦੇ ਬਿਆਨਾਂ ਵਿਚ ਆਈ ਇਹ ਨਰਮੀ ਹਾਈਕਮਾਂਡ ਦੇ ਸਖ਼ਤ ਰੁਖ ਤੋਂ ਬਾਅਦ ਸਾਹਮਣੇ ਆਈ ਹੈ। ਦਿੱਲੀ ਨੇ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਸਮਾਨਾਂਤਰ ਗੁੱਟਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੰਨੀ ਵੱਲੋਂ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ "ਮੀਡੀਆ ਟਰਾਇਲ" ਕਰਾਰ ਦੇਣਾ ਅਸਲ ਵਿਚ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਅਤੇ ਵਿਵਾਦ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ।

ਪੰਜਾਬ ਵਿਚ ਸਸਪੈਂਸ ਬਰਕਰਾਰ

ਭਾਵੇਂ ਦਿੱਲੀ ਵਿੱਚ "ਸਭ ਠੀਕ ਹੈ" ਦਾ ਸੰਦੇਸ਼ ਦੇ ਦਿੱਤਾ ਗਿਆ ਹੋਵੇ, ਪਰ ਪੰਜਾਬ ਕਾਂਗਰਸ ਦੇ ਅੰਦਰਲਾ ਸਸਪੈਂਸ ਅਜੇ ਵੀ ਖ਼ਤਮ ਨਹੀਂ ਹੋਇਆ। ਮੋਰਿੰਡਾ ਵਿਚ ਚੰਨੀ ਦੇ ਘਰ ਅਤੇ ਚੰਡੀਗੜ੍ਹ ਵਿਚ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ 'ਤੇ ਹੋਈਆਂ ਲਗਾਤਾਰ ਬੈਠਕਾਂ ਨੇ ਸੂਬਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ। ਇਨ੍ਹਾਂ ਬੈਠਕਾਂ ਨੂੰ ਮੌਜੂਦਾ ਸੂਬਾਈ ਸੰਗਠਨ ਦੇ ਖ਼ਿਲਾਫ਼ ਇਕ ਵੱਡੇ ਮੋਰਚੇ ਵਜੋਂ ਦੇਖਿਆ ਜਾ ਰਿਹਾ ਸੀ। ਸੁਖਜਿੰਦਰ ਸਿੰਘ ਰੰਧਾਵਾ (ਮਾਝਾ) ਅਤੇ ਚਰਨਜੀਤ ਸਿੰਘ ਚੰਨੀ (ਦੋਆਬਾ) ਵਰਗੇ ਸੀਨੀਅਰ ਆਗੂਆਂ ਨੂੰ ਇਕ ਮੰਚ 'ਤੇ ਲਿਆਉਣਾ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨਾ ਹਾਈਕਮਾਂਡ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ। ਇਸੇ ਕਰਕੇ ਰਣਦੀਪ ਸਿੰਘ ਸੁਰਜੇਵਾਲਾ ਨੂੰ 'ਕ੍ਰਾਈਸਿਸ ਮੈਨੇਜਰ' ਦੀ ਭੂਮਿਕਾ ਨਿਭਾਉਂਦੇ ਹੋਏ ਵਿਚੋਲਗੀ ਕਰਨੀ ਪਈ।

ਵਫ਼ਾਦਾਰੀ ਦੇ ਬਦਲੇ ਕੀ ਮਿਲੇਗਾ ਇਨਾਮ?

ਸਿਆਸਤ ਵਿਚ ਕੋਈ ਵੀ ਬਿਆਨ ਬਿਨਾਂ ਸਿਆਸੀ ਲਾਭ ਜਾਂ ਨੁਕਸਾਨ ਦੇ ਨਹੀਂ ਹੁੰਦਾ। ਚੰਨੀ ਵੱਲੋਂ ਹਾਈਕਮਾਂਡ ਪ੍ਰਤੀ ਅਟੁੱਟ ਵਿਸ਼ਵਾਸ ਜਤਾਉਣਾ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਪਰਦੇ ਪਿੱਛੇ ਕੋਈ ਵੱਡਾ ਭਰੋਸਾ ਜਾਂ ਸਿਆਸੀ ਸਮਝੌਤਾ ਹੋਇਆ ਹੈ। ਚਰਚਾ ਹੈ ਕਿ ਚੰਨੀ ਨੂੰ ਸੰਤੁਸ਼ਟ ਰੱਖਣ ਲਈ ਪਾਰਟੀ ਸੰਗਠਨ ਜਾਂ ਰਾਸ਼ਟਰੀ ਪੱਧਰ 'ਤੇ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਤਜ਼ਰਬਿਆਂ ਤੋਂ ਸਬਕ ਲੈਂਦਿਆਂ ਚੰਨੀ ਨੇ ਪਾਰਟੀ ਨਾਲ ਟਕਰਾਅ ਦੀ ਬਜਾਏ 'ਵਫ਼ਾਦਾਰ ਸਿਪਾਹੀ' ਬਣੇ ਰਹਿਣ ਵਿਚ ਹੀ ਆਪਣਾ ਸਿਆਸੀ ਫ਼ਾਇਦਾ ਦੇਖਿਆ ਹੈ।

ਕੀ ਵਾਕਈ ਠੰਢੀ ਪੈ ਗਈ ਹੈ ਲੜਾਈ?

ਰਣਦੀਪ ਸਿੰਘ ਸੁਰਜੇਵਾਲਾ ਦੀ ਵਿਚੋਲਗੀ ਨਾਲ ਪੰਜਾਬ ਕਾਂਗਰਸ ਦਾ ਇਹ 'ਟਾਈਮ ਬੰਬ' ਫ਼ਿਲਹਾਲ ਲਈ 'ਡਿਫੀਊਜ਼' ਤਾਂ ਹੋ ਗਿਆ ਹੈ, ਪਰ ਅੰਦਰੂਨੀ ਦਰਾਰਾਂ ਅਜੇ ਵੀ ਮੌਜੂਦ ਹਨ। ਚੰਨੀ ਅਤੇ ਉਨ੍ਹਾਂ ਦੇ ਸਮਰਥਕ ਧੜੇ ਨੂੰ ਆਉਣ ਵਾਲੇ ਦਿਨਾਂ ਵਿਚ ਸੰਗਠਨ ਵਿਚ ਕਿੰਨੀ ਅਹਿਮੀਅਤ ਮਿਲਦੀ ਹੈ, ਇਸ ਨਾਲ ਹੀ ਇਹ ਤੈਅ ਹੋਵੇਗਾ ਕਿ ਪੰਜਾਬ ਕਾਂਗਰਸ ਦਾ ਇਹ "ਆਲ ਇਜ਼ ਵੈਲ" ਕਿੰਨਾ ਲੰਬਾ ਚੱਲਦਾ ਹੈ। ਆਉਣ ਵਾਲੀਆਂ ਸੰਗਠਨਾਤਮਕ ਨਿਯੁਕਤੀਆਂ ਹੀ ਇਸ ਅਸਥਾਈ ਸ਼ਾਂਤੀ ਦੀ ਅਸਲ ਕਸੌਟੀ ਸਾਬਤ ਹੋਣਗੀਆਂ।
 


author

Anmol Tagra

Content Editor

Related News