ਮਨਿਆਰੀ ਦੀ ਦੁਕਾਨ ’ਚੋਂ ਚੋਰੀ, ਨੋਟਾਂ ਦੇ ਹਾਰ ਤੇ ਦਾਨ ਦੀ ਰਕਮ ਵੀ ਚੁੱਕ ਕੇ ਲੈ ਗਏ ਚੋਰ

Monday, Jul 20, 2026 - 05:33 PM (IST)

ਮਨਿਆਰੀ ਦੀ ਦੁਕਾਨ ’ਚੋਂ ਚੋਰੀ, ਨੋਟਾਂ ਦੇ ਹਾਰ ਤੇ ਦਾਨ ਦੀ ਰਕਮ ਵੀ ਚੁੱਕ ਕੇ ਲੈ ਗਏ ਚੋਰ

ਸੰਗਰੂਰ (ਸਿੰਗਲਾ): ਸੰਗਰੂਰ ਸ਼ਹਿਰ ਦੀ ਸੰਘਣੀ ਆਬਾਦੀ ਅਤੇ ਥਾਣਾ ਸਿਟੀ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਸਥਿਤ ਵੂਮੈਨਜ਼ ਵਰਲਡ ਬਿਊਟੀ ਪੈਲੇਸ ਨੇੜੇ ਕੋਆਪ੍ਰੇਟਿਵ ਬੈਂਕ ਪਟਿਆਲਾ ਗੇਟ ਸੰਗਰੂਰ ਵਿਖੇ ਚੋਰੀ ਹੋ ਗਈ। ਚੋਰਾਂ ਨੇ ਵਿਆਹ-ਸ਼ਾਦੀਆਂ ਲਈ ਰੱਖੇ ਨੋਟਾਂ ਦੇ ਹਾਰ, ਦੁਕਾਨ ਦੇ ਗੱਲੇ ਵਿੱਚ ਪਈ ਨਗਦ ਰਾਸ਼ੀ, ਗਊਸ਼ਾਲਾ ਦੇ ਗੱਲੇ ਵਿਚ ਰੱਖੇ ਪੈਸੇ ਅਤੇ ਹੋਰ ਸਮਾਨ ਚੋਰੀ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਸਮਾਜ ਸੇਵੀ ਗੋਪਾਲ ਦਾਸ ਗੋਇਲ, ਉਦੇਸ਼ ਕੁਮਾਰ ਗੋਇਲ ਅਤੇ ਨਿਸ਼ਾਂਤ ਗੋਇਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਸ਼ਨੀਵਾਰ/ਐਤਵਾਰ ਦੀ ਦਰਮਿਆਨੀ ਰਾਤ ਨੂੰ ਬੰਦ ਕਰ ਕੇ ਗਏ ਸਨ। ਅੱਜ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਵਿਚ ਸਮਾਨ ਦੀ ਫ਼ਰੋਲਾ-ਫ਼ਰਾਲੀ ਕੀਤੀ ਹੋਈ ਸੀ ਅਤੇ ਦੁਕਾਨ ਦਾ ਗੱਲਾ ਟੁੱਟਿਆ ਹੋਇਆ ਸੀ, ਜਿਸ ਤੋਂ ਉਨ੍ਹਾਂ ਨੂੰ ਚੋਰੀ ਹੋਣ ਦਾ ਸ਼ੱਕ ਪਿਆ। ਜਦੋਂ ਦੁਕਾਨ ਦੇ ਕੈਮਰੇ ਚੈੱਕ ਕੀਤੇ ਗਏ ਤਾਂ ਇਹ ਕੈਮਰੇ ਲਗਭਗ 12 ਵਜੇ 45 ਮਿੰਟ 'ਤੇ ਬੰਦ ਪਾਏ ਗਏ।

ਉਨ੍ਹਾਂ ਜਦੋਂ ਦੁਕਾਨ ਅੰਦਰ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੁਕਾਨ ਦੀ ਤੀਸਰੀ ਮੰਜ਼ਿਲ ’ਤੇ ਬਣੇ ਸਟੋਰ ਰਾਹੀਂ ਇਹ ਅਣਪਛਾਤੇ ਚੋਰ ਸ਼ਟਰ ਨੂੰ ਉੱਪਰ ਚੁੱਕ ਕੇ ਦਾਖਲ ਹੋਏ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਦੁਕਾਨ ਦੀ ਕੈਮਰੇ ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੇਠਲੀਆਂ ਮੰਜ਼ਿਲਾਂ ਉੱਪਰ ਆ ਕੇ ਦੁਕਾਨ ਵਿੱਚ ਪਏ ਵਿਆਹ-ਸ਼ਾਦੀਆਂ ਲਈ ਰੱਖੇ ਨਵੇਂ ਨੋਟਾਂ ਦੇ ਹਾਰ, ਗੱਲੇ ਦੀ ਨਕਦੀ, ਗਊਸ਼ਾਲਾ ਦੇ ਗੱਲੇ ਵਿਚ ਪਈ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ। ਦੁਕਾਨਦਾਰ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਵਿਚ 1 ਲੱਖ 50 ਹਜ਼ਾਰ ਦੇ ਕਰੀਬ ਨੁਕਸਾਨ ਹੋਇਆ ਹੈ, ਬਾਕੀ ਦੁਕਾਨ ਦੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਸੰਗਰੂਰ ਦੀ ਪੁਲਸ ਨੂੰ ਤੁਰੰਤ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਆ ਕੇ ਦੁਕਾਨ ਦੇ ਅੰਦਰ-ਬਾਹਰ ਅਤੇ ਆਲੇ-ਦੁਆਲੇ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਗਈ। ਪੁਲਸ ਨੇ ਦਾਅਵਾ ਕੀਤਾ ਕਿ ਚੋਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਚਾਰੇ ਪਾਸਿਆਂ ਤੋਂ ਸੀ.ਸੀ.ਟੀ.ਵੀ. ਕੈਮਰੇ ਦੇਖੇ ਜਾ ਰਹੇ ਹਨ। ਇਸ ਮੌਕੇ ਪਹੁੰਚੇ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਬਦਰੀ ਜਿੰਦਲ ਨੇ ਕਿਹਾ ਕਿ ਜੇਕਰ ਇੰਨੀ ਸੰਘਣੀ ਆਬਾਦੀ ਅਤੇ ਥਾਣੇ ਦੇ ਨਜ਼ਦੀਕ ਚੋਰ ਆਸਾਨੀ ਨਾਲ ਚੋਰੀ ਕਰ ਕੇ ਲੈ ਜਾ ਸਕਦੇ ਹਨ ਤਾਂ ਦੂਸਰੇ ਦੁਕਾਨਦਾਰ ਕਿਥੇ ਸੁਰੱਖਿਅਤ ਹੋਣਗੇ। ਉਨ੍ਹਾਂ ਜ਼ਿਲਾ ਪੁਲਸ ਮੁਖੀ ਸੰਗਰੂਰ ਤੋਂ ਮੰਗ ਕੀਤੀ ਕਿ ਇਸ ਚੋਰੀ ਦੇ ਮਾਮਲੇ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।


author

Anmol Tagra

Content Editor

Related News